ਦਿੱਲੀ ਦੰਗੇ : ਵਿਰੋਧੀ ਧਿਰ ਨੇ ਭਾਜਪਾ 'ਤੇ ਲਾਇਆ 'ਫ਼ਿਰਕੂ ਵਾਇਰਸ' ਫੈਲਾਉਣ ਦਾ ਦੋਸ਼

ਏਜੰਸੀ

ਖ਼ਬਰਾਂ, ਰਾਸ਼ਟਰੀ

ਐਸਆਈਟੀ ਦੀ ਜਾਂਚ ਵਿਚ ਕਿਤੇ ਪੀੜਤਾਂ ਨੂੰ ਹੀ ਦੋਸ਼ੀ ਨਾ ਬਣਾ ਦਿਤਾ ਜਾਵੇ : ਸਿੱਬਲ

file photo

ਨਵੀਂ ਦਿੱਲੀ : ਦਿੱਲੀ ਵਿਚ ਪਿਛਲੇ ਦਿਨੀਂ ਵਾਪਰੀਆਂ ਹਿੰਸਕ ਘਟਨਾਵਾਂ ਦੇ ਮਾਮਲੇ ਵਿਚ ਭਾਜਪਾ 'ਤੇ ਫ਼ਿਰਕੂ ਵਾਇਰਸ ਫੈਲਾਉਣ ਦਾ ਦੋਸ਼ ਲਾਉਂਦਿਆਂ ਵਿਰੋਧੀ ਧਿਰ ਨੇ ਕਿਹਾ ਕਿ ਇਨ੍ਹਾਂ ਘਟਨਾਵਾਂ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ। ਇਹ ਵੀ ਖ਼ਦਸ਼ਾ ਪ੍ਰਗਟ ਕੀਤਾ ਗਿਆ ਕਿ ਸਰਕਾਰ ਦੁਆਰਾ ਐਸਆਈਟੀ ਦੀ ਜਾਂਚ ਵਿਚ ਕਿਤੇ ਪੀੜਤਾਂ ਨੂੰ ਹੀ ਦੋਸ਼ੀ ਨਾ ਬਣਾ ਦਿਤਾ ਜਾਵੇ।

ਦਿੱਲੀ ਦੰਗਿਆਂ ਬਾਰੇ ਲੋਕ ਸਭਾ ਵਿਚ ਹੋ ਰਹੀ ਚਰਚਾ ਵਿਚ ਹਿੱਸਾ ਲੈਂਦਿਆਂ ਕਾਂਗਰਸ ਆਗੂ ਕਪਿਲ ਸਿੱਬਲ ਨੇ ਦੋਸ਼ ਲਾਇਆ ਕਿ ਜਦ ਦਿੱਲੀ ਸੜ ਰਹੀ ਸੀ ਤਾਂ ਪ੍ਰਧਾਨ ਮੰਤਰੀ 70 ਘੰਟਿਆਂ ਤਕ ਚੁੱਪ ਰਹੇ ਅਤੇ ਪੁਲਿਸ ਸਬੂਤਾਂ ਨੂੰ ਨਸ਼ਟ ਕਰਨ ਤੇ ਦੰਗਾਕਾਰੀਆਂ ਦੀ ਮਦਦ ਕਰਨ ਵਿਚ ਲੱਗੀ ਰਹੀ। ਸਦਨ ਵਿਚ ਮੌਜੂਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸਵਾਲ ਕਰਦਿਆਂ ਸਿੱਬਲ ਨੇ ਕਿਹਾ ਕਿ ਨਫ਼ਰਤ ਫੈਲਾਉਣ ਦੇ ਭਾਸ਼ਨ ਦੇਣ ਵਾਲਿਆਂ ਵਿਰੁਧ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ?

ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਭਾਸ਼ਨਾਂ ਕਾਰਨ ਦਿੱਲੀ ਵਿਚ ਫ਼ਿਰਕੂ ਹਿੰਸਾ ਭੜਕਾਈ ਗਈ। ਉਨ੍ਹਾਂ ਭਾਰਤੀ ਸੰਵਿਧਾਨ ਦਾ ਜ਼ਿਕਰ ਕਰਦਿਆਂ ਸਰਕਾਰ ਨੂੰ ਕਿਹਾ, 'ਤੁਸੀਂ ਗਊਆਂ ਦੀ ਰਾਖੀ ਲਈ ਕੁੱਝ ਵੀ ਕਰ ਸਕਦੇ ਹੋ ਪਰ ਇਨਸਾਨਾਂ ਲਈ ਨਹੀਂ। ਕੀ ਸਾਨੂੰ ਇਨਸਾਨਾਂ ਦੀ ਰਾਖੀ ਯਕੀਨੀ ਕਰਨ ਲਈ ਇਕ ਹੋਰ ਧਾਰਾ ਲਿਆਉਣ ਦੀ ਲੋੜ ਨਹੀਂ।'

ਸਾਬਕਾ ਕਾਨੂੰਨ ਮੰਤਰੀ ਨੇ ਕਿਹਾ, 'ਫ਼ਿਰਕੂ ਹਿੰਸਾ ਦੇ ਵਾਇਰਸ ਦੀਆਂ ਜੜ੍ਹਾਂ ਅਸੀਂ ਜਾਣਦੇ ਹਾਂ, ਇਸ ਦੀ ਸਾਜ਼ਸ਼ ਕਿਸ ਨੇ ਰਚੀ, ਗ੍ਰਹਿ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਦੁਆਰਾ ਸੀਸੀਟੀਵੀ ਤੋੜਨ ਦੇ ਫ਼ੁਟੇਜ ਵੇਖੇ ਹੋਣਗੇ।' ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਕੋਲ 87 ਹਜ਼ਾਰ ਮੁਲਾਜ਼ਮ ਹਨ ਪਰ ਮੰਦੇਭਾਗੀਂ ਦੰਗਿਆਂ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਉਨ੍ਹਾਂ ਦੋਸ਼ ਲਾਇਆ ਕਿ ਗ੍ਰਹਿ ਮੰਤਰੀ ਅਮਰੀਕਾ ਤੋਂ ਆਏ ਰਾਸ਼ਟਰਪਤੀ ਟਰੰਪ ਦੀ ਸੁਰੱਖਿਆ ਵਿਚ ਲੱਗੇ ਹੋਏ ਸਨ ਅਤੇ ਦਿੱਲੀ ਵਿਚ ਦੰਗਿਆਂ ਨੂੰ ਰੋਕਣ ਲਈ ਕੁੱਝ ਨਹੀਂ ਕੀਤਾ।

ਕਾਂਗਰਸ ਆਗੂ ਨੇ ਕਿਹਾ ਕਿ ਬੁਧਵਾਰ ਨੂੰ ਗ੍ਰਹਿ ਮੰਤਰੀ ਨੇ ਲੋਕ ਸਭਾ ਵਿਚ ਕਿਹਾ ਕਿ ਇਹ ਇਕ ਸਾਜ਼ਸ਼ ਸੀ। 25 ਫ਼ਰਵਰੀ ਨੂੰ ਸਰਕਾਰ ਦੇ ਬਿਆਨ ਵਿਚ ਦਿੱਲੀ ਦੰਗਿਆਂ ਨੂੰ ਅਪਣੇ ਆਪ ਹੋਏ ਦਸਿਆ ਗਿਆ। ਸਿੱਬਲ ਨੇ ਦਿੱਲੀ ਦੰਗਿਆਂ ਦੀ ਜਾਂਚ ਐਸਆਈਟੀ ਤੋਂ ਕਰਾਉਣ ਦੇ ਸਰਕਾਰ ਦੇ ਐਲਾਨ 'ਤੇ ਸ਼ੱਕ ਕਰਦਿਆਂ ਕਿਹਾ ਕਿ ਅਜਿਹਾ ਨਾ ਹੋਵੇ ਕਿ ਜਾਂਚ ਰੀਪੋਰਟ ਵਿਚ ਪੀੜਤਾਂ ਨੂੰ ਹੀ ਦੋਸ਼ ਕਰਾਰ ਦੇ ਦਿਤਾ ਜਾਵੇ ਅਤੇ ਫਸਾਦੀਆਂ ਨੂੰ ਬਚਾ ਲਿਆ ਜਾਵੇ।