''ਜਦੋਂ ਤੱਕ ਕਾਨੂੁੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਘਰ ਵਾਪਸ ਨਹੀਂ ਜਾਵਾਂਗੇ''
Sirhind ਤੋਂ ਪੈਦਲ Delhi ਪਹੁੰਚੇ ਨੌਜਵਾਨ
ਨਵੀਂ ਦਿੱਲੀ ( ਸ਼ੈਸਵ ਨਾਗਰਾ) ਕਿਸਾਨਾਂ ਨੇ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਸਿੰਘੂ, ਟਿੱਕਰੀ, ਗ਼ਾਜ਼ੀਪੁਰ, ਸ਼ਾਹ ਜਹਾਂ ਤੇ ਪਲਵਲ ਆਦਿ ਕਈ ਬਾਰਡਰਾਂ ਨੂੰ ਬੰਦ ਕਰ ਕੇ ਦਿੱਲੀ ਨੂੰ ਘੇਰਿਆ ਹੋਇਆ ਹੈ। ਇਸ ਸੰਘਰਸ਼ ਵਿਚ ਹੁਣ ਤਕ ਢਾਈ ਸੌ ਤੋਂ ਵੱਧ ਕਿਸਾਨ ਸ਼ਹਾਦਤਾਂ ਦੇ ਜਾਮ ਪੀ ਚੁੱਕੇ ਹਨ।
ਇਸ ਕਿਸਾਨੀ ਸੰਘਰਸ਼ ਵਿਚ ਹਰ ਕੋਈ ਹਿੱਸਾ ਲੈ ਰਿਹਾ ਹੈ। ਸਰਹਿੰਦ ਤੋਂ ਕੁੱਝ ਨੌਜਵਾਨ ਹੱਥ ਵਿਚ ਮਸ਼ਾਲ ਫੜਕੇ ਸਿੰਘੂ ਬਾਰਡਰ ਪਹੁੰਚੇ, ਉਹਨਾਂ ਕਿਹਾ ਕਿ ਲੋਕਾਂ ਨੇ ਉਹਨਾਂ ਦਾ ਹੌਸਲਾ ਵਧਾਇਆ ਹੈ ਅਤੇ ਇਸ ਨਾਲ ਲੋਕਾਂ ਵਿਚ ਹੋਰ ਜ਼ੋਸ ਭਰ ਗਿਆ ਹੈ।
ਲੋਕਾਂ ਨੇ ਬਹੁਤ ਵਧੀਆਂ ਸਵਾਗਤ ਕੀਤਾ ਤੇ ਅੱਜ ਉਹ ਹੱਥ ਵਿਚ ਮਸ਼ਾਲ ਫੜਕੇ ਗਾਜ਼ੀਪੁਰ ਬਾਰਡਰ ਪਹੁੰਚੇ ਹਨ । ਉਹਨਾਂ ਕਿਹਾ ਕਿ ਇਸ ਅੰਦੋਲਨ ਦੀ ਆਵਾਜ਼ ਬਾਹਰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ । ਉਹਨਾਂ ਕਿਹਾ ਕਿ ਉਹ ਸਿੰਘੂ ਬਾਰਡਰ 'ਤੇ ਵੀ ਬੂਟਾ ਲਾ ਕੇ ਆਏ ਹਨ ਤੇ ਹੁਣ ਗਾਜ਼ੀਪੁਰ ਬਾਰਡਰ 'ਤੇ ਵੀ ਬੂਟਾ ਲਾਉਣਗੇ।
ਉਹਨਾਂ ਕਿਹਾ ਕਿ ਇਹ ਬੂਟਾ ਲੋਕਾਂ ਨੂੰ ਅੱਗੇ ਵਧਣ ਦੀ ਪ੍ਰੇਰਣਾ ਦੇਵੇਗਾ ਅਤੇ ਇਹ ਬੂਟਾ ਕਿਸਾਨੀ ਅੰਦੋਲਨ ਦਾ ਪ੍ਰਤੀਕ ਹੈ। ਉਹਨਾਂ ਦਾ 55 ਵਿਅਕਤੀਆਂ ਦਾ ਜੱਥਾ ਗਾਜ਼ੀਪੁਰ ਬਾਰਡਰ 'ਤੇ ਪਹੁੰਚਿਆਂ ਹੈ ਤੇ ਉਹ ਗਾਜ਼ੀਪੁਰ ਬਾਰਡਰ 'ਤੇ ਗੱਡੀਆਂ 'ਤੇ ਆਏ ਹਨ ਕਿਉਂਕਿ ਗਾਜ਼ੀਪੁਰ ਬਾਰਡਰ ਦੂਰ ਪੈ ਜਾਂਦਾ ਹੈ ।
ਉਹਨਾਂ ਕਿਹਾ ਕਿ ਅਸੀਂ ਲੋਕਾਂ ਦਾ ਹੌਸਲਾ ਵਧਾਉਣ ਲਈ ਗਾਜ਼ੀਪੁਰ ਬਾਰਡਰ 'ਤੇ ਆਏ ਹਾਂ ਤੇ ਉਹ ਹੋਰ ਥਾਵਾਂ 'ਤੇ ਵੀ ਬੂਟੇ ਲਗਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ ਨਾਲ ਹੀ ਕਿਹਾ ਕਿ ਜਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਉਹ ਘਰ ਵਾਪਸ ਨਹੀਂ ਜਾਣਗੇ ।
ਇਸ ਤਰਾਂ ਗਾਜ਼ੀਪੁਰ ਬਾਰਡਰ 'ਤੇ ਪਹੁੰਚੀ ਇਕ ਲੜਕੀ ਨੇ ਕਿਹਾ ਕਿ ਇਥੇ ਆ ਕੇ ਖੁਸ਼ੀ ਹੋਈ ਕੇ ਸਾਡੇ ਨਾਲ ਇਕੱਲੇ ਪੰਜਾਬ ਦੇ ਕਿਸਾਨ ਨਹੀ ਸਗੋਂ ਸਾਰੇ ਰਾਜਾਂ ਦੇ ਕਿਸਾਨ ਖੜ੍ਹੇ ਹਨ । ਕਿਸਾਨ ਧਰਮ, ਜਾਤ-ਪਾਤ ਤੋਂ ਉਪਰ ਉੱਠ ਕੇ ਇਥੇ ਸੰਘਰਸ਼ ਵਿਚ ਇਕੱਠੇ ਬੈਠੇ ਹਨ ।