ਹੋਲੀ ਦੇ ਮੱਦੇਨਜ਼ਰ ਅਯੁੱਧਿਆ ’ਚ ਦੁਪਹਿਰ 2 ਵਜੇ ਤੋਂ ਬਾਅਦ ਹੋਵੇਗੀ ਜੁਮਾ ਦੀ ਨਮਾਜ਼ : ਮੁੱਖ ਮੌਲਵੀ
ਮੁਸਲਮਾਨਾਂ ਨੂੰ ਹੋਲੀ ਦੌਰਾਨ ਸਬਰ ਰੱਖਣ ਦੀ ਅਪੀਲ ਕੀਤੀ
ਅਯੁੱਧਿਆ (ਯੂ.ਪੀ.) : ਅਯੁੱਧਿਆ ਦੇ ਮੁੱਖ ਮੌਲਵੀ ਮੁਹੰਮਦ ਹਨੀਫ ਦੀਆਂ ਹਦਾਇਤਾਂ ਅਨੁਸਾਰ ਹੋਲੀ ਜਸ਼ਨਾਂ ਦੇ ਮੱਦੇਨਜ਼ਰ ਅਯੁੱਧਿਆ ਦੀਆਂ ਸਾਰੀਆਂ ਮਸਜਿਦਾਂ ’ਚ ਸ਼ੁਕਰਵਾਰ ਦੀ ਨਮਾਜ਼ ਦੁਪਹਿਰ 2 ਵਜੇ ਤੋਂ ਬਾਅਦ ਅਦਾ ਕੀਤੀ ਜਾਵੇਗੀ। ਹਨੀਫ ਨੇ ਕਿਹਾ, ‘‘ਹੋਲੀ ਦੇ ਤਿਉਹਾਰ ਦੇ ਸਮੇਂ ਨੂੰ ਧਿਆਨ ਵਿਚ ਰਖਦੇ ਹੋਏ ਅਸੀਂ ਸਾਰੀਆਂ ਮਸਜਿਦਾਂ ਨੂੰ ਦੁਪਹਿਰ 2 ਵਜੇ ਤੋਂ ਬਾਅਦ ਜੁਮਾ ਦੀ ਨਮਾਜ਼ ਅਦਾ ਕਰਨ ਦੇ ਹੁਕਮ ਦਿਤੇ ਹਨ ਕਿਉਂਕਿ ਜੁਮਾ ਦੀ ਨਮਾਜ਼ ਸ਼ਾਮ 4:30 ਵਜੇ ਤਕ ਹੋ ਸਕਦੀ ਹੈ।’’
ਉਨ੍ਹਾਂ ਮੁਸਲਮਾਨਾਂ ਨੂੰ ਹੋਲੀ ਦੌਰਾਨ ਸਬਰ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਕੋਈ ਉਨ੍ਹਾਂ ’ਤੇ ਰੰਗ ਲਗਾਉਂਦਾ ਹੈ ਤਾਂ ਉਨ੍ਹਾਂ ਨੂੰ ਮੁਸਕਰਾਉਂਦੇ ਹੋਏ ਜਵਾਬ ਦੇਣਾ ਚਾਹੀਦਾ ਹੈ ਅਤੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਨਾਲ ਹੋਲੀ ਮੁਬਾਰਕ ਕਹਿਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਅਯੁੱਧਿਆ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰ ਵਿਜੇ ਸਿੰਘ ਨੇ ਇਹ ਯਕੀਨੀ ਬਣਾਇਆ ਕਿ ਹੋਲੀ ਲਈ ਸੁਰੱਖਿਆ ਦੇ ਢੁਕਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਵਿਵਸਥਾ ਬਣਾਈ ਰੱਖਣ ਲਈ ਸਾਰੇ ਹੋਲੀਕਾ ਦਹਿਨ ਸਥਾਨਾਂ ’ਤੇ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।