ED ਨੇ ਅਨਿਲ ਅੰਬਾਨੀ ਗਰੁੱਪ ਦੀ 581 ਕਰੋੜ ਦੀ ਸੰਪਤੀ ਕੀਤੀ ਕੁਰਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤਕ 16,310 ਕਰੋੜ ਰੁਪਏ ਦੀਆਂ ਸੰਪਤੀਆਂ ਕੁਰਕ

ED attaches assets worth Rs 581 crore of Anil Ambani Group

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਿਹਾ ਕਿ ਉਸ ਨੇ ਰਿਲਾਇੰਸ ਗਰੁੱਪ ਦੇ ਪ੍ਰਧਾਨ ਅਨਿਲ ਅੰਬਾਨੀ ਦੀਆਂ ਕੰਪਨੀਆਂ ਰਿਲਾਇੰਸ ਹੋਮ ਫਾਇਨੈਂਸ ਲਿਮਿਟੇਡ ਅਤੇ ਰਿਲਾਇੰਸ ਕਮਰਸ਼ੀਅਲ ਫਾਇਨੈਂਸ ਲਿਮਟਿਡ ਨਾਲ ਸੰਬੰਧਿਤ ਜਾਂਚ ਦੇ ਤਹਿਤ 581.65 ਕਰੋੜ ਰੁਪਏ ਤੋਂ ਵੱਧ ਮੁੱਲ ਦੀ ਸੰਪਤੀ ਕੁਰਕ ਕੀਤੀ ਹੈ।

ਈਡੀ ਵਲੋਂ ਗੋਆ, ਕੇਰਲ, ਕਰਨਾਟਕ, ਪੰਜਾਬ, ਤਮਿਲਨਾਡੂ, ਉੱਤਰ ਪ੍ਰਦੇਸ਼, ਹਰਿਆਣਾ, ਝਾਰਖੰਡ, ਮਹਾਰਾਸ਼ਟਰ, ਦਿੱਲੀ, ਪੱਛਮੀ ਬੰਗਾਲ, ਆਂਧ੍ਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਜ਼ਮੀਨਾਂ ਨੂੰ ਕੁਰਕ ਕਰਨ ਦਾ ਅੰਤਰਿਮ ਹੁਕਮ ਜਾਰੀ ਕੀਤਾ ਗਿਆ। ਇਹ ਕਾਰਵਾਈ 6 ਮਾਰਚ ਨੂੰ ਰਿਲਾਇੰਸ ਪਾਵਰ ਲਿਮਟਿਡ ਖ਼ਿਲਾਫ਼ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ (ਫੇਮਾ) ਦੇ ਤਹਿਤ ਚਲਾਈ ਗਈ ਤਲਾਸ਼ੀ ਮੁਹਿੰਮ ਤੋਂ ਬਾਅਦ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ ਅਨਿਲ ਅੰਬਾਨੀ ਦੇ ਰਿਲਾਇੰਸ ਗਰੁੱਪ ਦੀਆਂ ਸੰਪਤੀਆਂ ਕੁਰਕ ਕੀਤੀਆਂ ਗਈਆਂ ਸਨ। ਏਜੰਸੀ ਨੇ ਕਿਹਾ ਕਿ ਹੁਣ ਤੱਕ ਕੁਰਕ ਕੀਤੀਆਂ ਸੰਪਤੀਆਂ ਦਾ ਕੁੱਲ ਮੁੱਲ 16,310 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ।

ਯੈਸ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ ਅਤੇ ਬੈਂਕ ਆਫ਼ ਮਹਾਰਾਸ਼ਟਰ ਦੀਆਂ RHFL ਅਤੇ RCFL ਵਿਰੁੱਧ ਸ਼ਿਕਾਇਤਾਂ 'ਤੇ ਦਰਜ ਐਫਆਈਆਰ ਦੀ  ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਕੰਪਨੀਆਂ ਨੇ ਕਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਧਨ ਇਕੱਠਾ ਕੀਤਾ ਸੀ ਅਤੇ ਇਸ ਵਿੱਚੋਂ 11,000 ਕਰੋੜ ਰੁਪਏ ਤੋਂ ਵੱਧ ਰਕਮ ਗੈਰ-ਨਿਭਾਏ ਗਏ ਕਰਜ਼ਿਆਂ (ਐਨਪੀਏ ) ਵਿਚ ਤਬਦੀਲ ਹੋ ਗਈ।

ਇਹ ਵੀ ਖੁਲਾਸਾ ਹੋਇਆ ਕਿ ਵੱਲੋਂ ਇਕੱਠਾ ਕੀਤਾ ਗਿਆ ਧਨ ਰਿਲਾਇੰਸ ਗਰੁੱਪ ਦੀਆਂ ਵੱਖ-ਵੱਖ ਕੰਪਨੀਆਂ ਜਿਵੇਂ ਰਿਲਾਇੰਸ ਇਨਫ੍ਰਾਸਟਰਕਚਰ, ਰਿਲਾਇੰਸ ਪਾਵਰ, ਰਿਲਾਇੰਸ ਕਮਿਊਨੀਕੇਸ਼ਨਜ਼ ਅਤੇ ਰਿਲਾਇੰਸ ਕੈਪਿਟਲ ਵਿੱਚ ਭੇਜਿਆ ਗਿਆ। ਆਰੋਪ ਹੈ ਕਿ ਅਨਿਲ ਅੰਬਾਨੀ ਗਰੁੱਪ ਵੱਲੋਂ ਨਿਯੰਤਰਿਤ ਬਹੁਤ ਸਾਰੀਆਂ ਫਰਜ਼ੀ ਸੰਸਥਾਵਾਂ ਰਾਹੀਂ ਇਹ ਧਨ ਇਧਰ-ਉਧਰ ਕੀਤਾ ਗਿਆ, ਜਿਨ੍ਹਾਂ ਦੀ ਵਿੱਤੀ ਸਥਿਤੀ ਬਹੁਤ ਕਮਜ਼ੋਰ ਸੀ ਅਤੇ ਕੋਈ ਵਪਾਰਕ ਕਾਰਜ ਨਹੀਂ ਸੀ।