ਮੱਧ ਪ੍ਰਦੇਸ਼ ’ਚ ਮਾਂ ਨੇ ਚਾਰ ਧੀਆਂ ਨੂੰ ਖੂਹ ’ਚ ਸੁੱਟਣ ਬਾਅਦ ਖ਼ੁਦ ਵੀ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਧੀਆਂ ਦੀਆਂ ਲਾਸ਼ਾਂ ਹੋਈਆਂ ਬਰਾਮਦ, 5 ਮਹੀਨੇ ਦੀ ਬੱਚੀ ਦੀ ਕੀਤੀ ਜਾ ਰਹੀ ਭਾਲ

In Madhya Pradesh, a mother committed suicide after throwing her four daughters into a well.

ਸਾਗਰ : ਮੱਧ ਪ੍ਰਦੇਸ਼ ਦੇ ਸਾਗਰ ਜ਼ਿਲ੍ਹੇ ਵਿੱਚ ਇੱਕ ਮਾਂ ਨੇ ਆਪਣੀਆਂ ਚਾਰ ਮਾਸੂਮ ਧੀਆਂ ਨੂੰ ਖੂਹ ਵਿੱਚ ਸੁੱਟਣ ਤੋਂ ਬਾਅਦ ਖੁਦ ਵੀ ਖੁਦਕੁਸ਼ੀ ਕਰ ਲਈ । ਇਹ ਘਟਨਾ ਵੀਰਵਾਰ ਦੁਪਹਿਰ ਨੂੰ ਸਾਹਮਣੇ ਆਈ ਜਿਸ ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚੇ । ਇਹ ਘਟਨਾ ਕੇਸਲੀ ਥਾਣਾ ਖੇਤਰ ਦੇ ਨੰਹੀ ਦੇਵਰੀ ਖਮਾਰੀਆ ਪਿੰਡ ਵਿੱਚ ਵਾਪਰੀ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਵਿਤਾ ਬਾਈ (28) ਅਤੇ ਉਸ ਦੀਆਂ ਧੀਆਂ ਅੰਸ਼ਿਕਾ (7), ਰਕਸ਼ਾ (5) ਅਤੇ ਦੀਕਸ਼ਾ (3) ਵਜੋਂ ਹੋਈ ਹੈ । ਤਿੰਨਾਂ ਧੀਆਂ ਦੀਆਂ ਲਾਸ਼ਾਂ ਨੇੜਲੇ ਖੂਹ ਵਿੱਚੋਂ ਮਿਲੀਆਂ ਗਈਆਂ ਹਨ ਜਦਕਿ ਕਿ 5 ਮਹੀਨੇ ਦੀ ਮਨੀਸ਼ਾ ਦੀ ਭਾਲ ਖ਼ਬਰ ਲਿਖੇ ਜਾਣ ਤੱਕ ਜਾਰੀ ਸੀ। ਪਰਿਵਾਰਕ ਮੈਂਬਰਾਂ ਅਨੁਸਾਰ ਔਰਤ ਦਾ ਪਤੀ ਚੰਦਰਭਾਨ ਲੋਧੀ ਕੰਮ 'ਤੇ ਬਾਹਰ ਗਿਆ ਹੋਇਆ ਸੀ । ਉਸ ਸਮੇਂ ਉਸ ਦੀ ਸੱਸ ਅਤੇ ਭਰਜਾਈ ਘਰ ਵਿੱਚ ਮੌਜੂਦ ਸਨ ਅਤੇ ਉਹ ਸੁੱਤੇ ਹੋਏ ਸਨ। ਸਵੇਰੇ ਜਦੋਂ ਦਰਵਾਜ਼ਾ ਕਾਫ਼ੀ ਦੇਰ ਤੱਕ ਨਾ ਖੁੱਲ੍ਹਿਆ ਤਾਂ ਪਰਿਵਾਰਕ ਮੈਂਬਰਾਂ ਅਤੇ ਗੁਆਂਢੀਆਂ ਨੂੰ ਸ਼ੱਕ ਹੋਇਆ। ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਔਰਤ ਦੀ ਲਾਸ਼ ਘਰ ਦੇ ਅੰਦਰ ਫੰਦੇ ਨਾਲ ਲਟਕਦੀ ਮਿਲੀ, ਜਦਕਿ ਕੁੜੀਆਂ ਅੰਦਰ ਮੌਜੂਦ ਨਹੀਂ ਸਨ । ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਆਲੇ-ਦੁਆਲੇ ਦੇ ਇਲਾਕੇ ਦੀ ਤਲਾਸ਼ੀ ਲੈਣ 'ਤੇ ਤਿੰਨ ਕੁੜੀਆਂ ਦੀਆਂ ਲਾਸ਼ਾਂ ਇੱਕ ਖੂਹ ਵਿੱਚੋਂ ਮਿਲੀਆਂ।