ਗਿੰਨੀਜ਼ ਬੁੱਕ 'ਚ ਸ਼ਾਮਲ ਹੋ ਸਕਦੀ ਹੈ ਤੇਲੰਗਾਨਾ ਦੀ ਨਿਜ਼ਾਮਾਬਾਦ ਸੀਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

185 ਉਮੀਦਵਾਰਾਂ ਲਈ 12 ਈਵੀਐਮ ਮਸ਼ੀਨਾਂ ਦੀ ਕੀਤੀ ਵਰਤੋਂ

Nizamabad Lok Sabha Seat May Enter Guinness Book With Record EVM

ਹੈਦਰਾਬਾਦ : ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੀ ਵੋਟਿੰਗ ਵੀਰਵਾਰ ਨੂੰ ਖ਼ਤਮ ਹੋ ਗਈ। ਦੇਸ਼ ਦੇ ਨਵੇਂ ਸੂਬੇ ਤੇਲੰਗਾਨਾ 'ਚ ਲੋਕ ਸਭਾ ਦੇ ਨਾਲ ਹੀ ਪਹਿਲੀ ਵਾਰ ਵਿਧਾਨ ਸਭਾ ਲਈ ਵੀ ਵੋਟਾਂ ਪਈਆਂ। ਇਸ ਦੌਰਾਨ ਸੂਬੇ ਦੀ ਨਿਜ਼ਾਮਾਬਾਦ ਸੰਸਦੀ ਸੀਟ ਨੇ ਆਪਣੇ ਨਾਂ ਇਕ ਰਿਕਾਰਡ ਜ਼ਰੂਰ ਦਰਜ ਕੀਤਾ। ਇਥੇ ਹੁਣ ਤਕ ਸੱਭ ਤੋਂ ਵੱਧ 12 ਈਵੀਐਮ ਮਸ਼ੀਨਾਂ ਰਾਹੀਂ ਵੋਟਿੰਗ ਕੀਤੀ ਗਈ। ਇਹ ਰਿਕਾਰਡ ਛੇਤੀ ਹੀ ਗਿੰਨੀਜ ਬੁੱਕ ਆਫ਼ ਵਰਲਡ ਰਿਕਾਰਡ 'ਚ ਦਰਜ ਕੀਤਾ ਜਾ ਸਕਦਾ ਹੈ।

ਚੋਣ ਕਮਿਸ਼ਨ ਨੇ ਇਸ ਸੀਟ ਦੇ ਹਰੇਕ ਵੋਟਿੰਗ ਕੇਂਦਰ 'ਤੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਵਰਤੋਂ ਕੀਤੀ। ਸਾਰੇ ਵੋਟਿੰਗ ਕੇਂਦਰਾਂ 'ਤੇ 12 ਈਵੀਐਮ ਮਸ਼ੀਨਾਂ ਰੱਖੀਆਂ ਗਈਆਂ ਸਨ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਇਸ ਲੋਕ ਸਭਾ ਸੀਟ 'ਤੇ 178 ਕਿਸਾਨਾਂ ਸਮੇਤ 185 ਉਮੀਦਵਾਰ ਚੋਣਾਂ ਲੜ ਰਹੇ ਸਨ। ਚੋਣ ਕਮਿਸ਼ਨ ਨੇ 26 ਹਜ਼ਾਰ ਵੋਟਿੰਗ ਮਸ਼ੀਨਾਂ ਮੰਗਵਾਈਆਂ ਸਨ। ਵੀਰਵਾਰ ਨੂੰ ਤੇਲੰਗਾਨਾ ਦੀਆਂ ਸਾਰੀਆਂ 17 ਸੀਟਾਂ 'ਤੇ ਵੋਟਾਂ ਪਈਆਂ। ਨਿਜ਼ਾਮਾਬਾਦ 'ਚ 54.20 ਫ਼ੀਸਦੀ ਵੋਟਿੰਗ ਹੋਈ।

ਤੇਲੰਗਾਨਾ ਦੇ ਮੁੱਖ ਚੋਣ ਕਮਿਸ਼ਨਰ ਰਜਤ ਕੁਮਾਰ ਨੇ ਦੱਸਿਆ, "ਅਸੀ ਗਿੰਨੀਜ਼ ਵਰਲਡ ਰਿਕਾਰਡ ਦੇ ਅਧਿਕਾਰੀਆਂ ਨਾਲ ਸੰਪਰਕ ਕਰ ਕੇ ਇਸ ਬਾਰੇ ਜਾਣੂੰ ਕਰਵਾਇਆ ਹੈ। ਗਿੰਨੀਜ਼ ਟੀਮ ਛੇਤੀ ਹੀ ਨਿਜ਼ਾਮਾਬਾਦ ਦਾ ਦੌਰਾ ਕਰ ਸਕਦੀ ਹੈ।"

ਜ਼ਿਕਰਯੋਗ ਹੈ ਕਿ ਤੇਲੰਗਾਨਾ 'ਚ ਟੀ.ਆਰ.ਐਸ. ਸਰਕਾਰ ਵਿਰੁੱਧ ਕਿਸਾਨਾਂ 'ਚ ਰੋਸ ਹੈ। ਇਸੇ ਕਾਰਨ ਟੀ.ਆਰ.ਐਸ. ਪ੍ਰਧਾਨ ਅਤੇ ਸੂਬੇ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਅਤੇ ਸੰਸਦ ਮੈਂਬਰ ਕਲਵਕੁੰਤਲਾ ਕਵਿਤਾ ਵਿਰੁੱਧ 178 ਕਿਸਾਨਾਂ ਨੇ ਚੋਣ ਲੜੀ। ਇਹ ਕਿਸਾਨ ਆਪਣੀ ਫ਼ਸਲ ਲਈ ਘੱਟੋ-ਘੱਟ ਸਮਰਥਨ ਮੁੱਲ ਤੈਅ ਨਾ ਕਰਨ ਦੇ ਰੋਸ ਵਜੋਂ ਟੀ.ਆਰ.ਐਸ. ਵਿਰੁੱਧ ਅੰਦੋਲਨ ਕਰ ਰਹੇ ਹਨ।