ਦੋ ਹਫ਼ਤੇ ਹੋਰ ਵਧੇਗੀ ਦੇਸ਼ ਭਰ 'ਚ ਤਾਲਾਬੰਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਧਿਆਨ 'ਜਾਨ ਵੀ, ਜਹਾਨ ਵੀ' 'ਤੇ ਹੋਵੇ : ਮੋਦੀ

File Photo

ਨਵੀਂ ਦਿੱਲੀ : ਕੇਂਦਰ ਸਰਕਾਰ ਕੋਰੋਨਾ ਵਾਇਰਸ ਮਹਾਮਾਰੀ ਕਰ ਕੇ ਲਾਗੂ ਕੀਤੀ ਗਈ ਤਾਲਾਬੰਦੀ ਨੂੰ 14 ਅਪ੍ਰੈਲ ਤੋਂ ਬਾਅਦ ਦੋ ਹਫ਼ਤਿਆਂ ਲਈ ਵਧਾਉਣ ਦੀ ਜ਼ਿਆਦਾਤਰ ਸੂਬਿਆਂ ਦੀ ਅਪੀਲ 'ਤੇ ਵਿਚਾਰ ਕਰ ਰਹੀ ਹੈ। ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਨਿਚਰਵਾਰ ਨੂੰ ਹੋਈ ਮੁੱਖ ਮੰਤਰੀਆਂ ਦੀ ਵੀਡੀਉ ਕਾਨਫ਼ਰੰਸਿੰਗ ਤੋਂ ਬਾਅਦ ਇਹ ਗੱਲ ਕਹੀ। ਮੋਦੀ ਨੇ ਇਸ ਬੈਠਕ 'ਚ ਮੁੱਖ ਮੰਤਰੀਆਂ ਨੂੰ ਕਿਹਾ ਕਿ ਧਿਆਨ ਹੁਣ 'ਜਾਨ ਵੀ, ਜਹਾਨ ਵੀ' 'ਤੇ ਹੋਣਾ ਚਾਹੀਦਾ ਹੈ ਅਤੇ ਭਾਰਤ ਦੇ ਰੌਸ਼ਨ ਭਵਿੱਖ, ਖ਼ੁਸ਼ਹਾਲੀ ਅਤੇ ਸਿਹਤਮੰਦ ਭਾਰਤ' ਲਈ ਇਹ ਜ਼ਰੂਰੀ ਹੈ।

ਸਰਕਾਰ ਦੇ ਮੁੱਖ ਬੁਲਾਰੇ ਕੇ.ਐਸ. ਪਤਵਲੀਆ ਨੇ ਕਿਹਾ, ''ਭਾਰਤ 'ਚ ਕੋਰੋਨਾ ਵਾਇਰਸ ਦੇ ਮੁੱਦੇ 'ਤੇ ਵੀਡੀਉ ਕਾਨਫ਼ਰੰਸਿੰਗ ਦੌਰਾਨ ਜ਼ਿਆਦਾਤਰ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਪ੍ਰਧਾਨ ਮੰਤਰੀ ਨੂੰ ਤਾਲਾਬੰਦੀ ਦੋ ਹਫ਼ਤਿਆਂ ਤਕ ਅੱਗੇ ਵਧਾਉਣ ਦੀ ਅਪੀਲ ਕੀਤੀ ਹੈ। ਸਰਕਾਰ ਇਸ ਅਪੀਲ 'ਤੇ ਵਿਚਾਰ ਕਰ ਰਹੀ ਹੈ।''
ਅਜਿਹੇ ਸੰਕੇਤ ਹਨ ਕਿ ਤਾਲਾਬੰਦੀ ਨੂੰ ਆਰਥਕ ਗਤੀਵਿਧੀਆਂ 'ਚ ਕੁੱਝ ਛੋਟ ਨਾਲ ਅੱਗੇ ਵਧਾਇਆ ਜਾ ਸਕਦਾ ਹੈ। ਸੂਤਰਾਂ ਨੇ ਕਿਹਾ ਕਿ ਵਾਇਰਸ ਤੋਂ ਪ੍ਰਭਾਵਤ ਇਲਾਕਿਆਂ 'ਚ ਘੱਟ ਪਾਬੰਦੀ ਸਮੇਤ ਹੋਰ ਤਜਵੀਜ਼ਾਂ 'ਤੇ ਵਿਚਾਰ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਸਿਹਤ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਭਾਰਤ 'ਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 7529 ਹੋਈ ਅਤੇ ਹੁਣ ਤਕ ਇਸ ਮਹਾਂਮਾਰੀ ਨਾਲ 242 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨਾਲ ਗੱਲਬਾਤ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਵੀ.ਐਸ. ਯੇਦੀਯੁਰੱਪਾ ਨੇ ਕਿਹਾ ਕਿ 14 ਅਪ੍ਰੈਲ ਤੋਂ ਬਾਅਦ ਅਗਲੇ ਦੋ ਹਫ਼ਤਿਆਂ ਦਾ ਬੰਦ ਅਜੇ ਜਾਰੀ ਪਿਛਲੇ ਤਿੰਨ ਹਫ਼ਤਿਆਂ ਦੇ ਬੰਦ ਤੋਂ ਵਖਰਾ ਹੋਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਅਗਲੇ 15 ਦਿਨਾਂ ਲਈ ਤਾਲਾਬੰਦੀ ਲਾਗੂ ਕਰਨ ਦੇ ਹੁਕਮ ਛੇਤੀ ਹੀ ਜਾਰੀ ਕੀਤੇ ਜਾਣਗੇ।

ਮੁੱਖ ਮੰਤਰੀ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਮੂੰਹ 'ਤੇ ਮਾਸਕ ਪਾਇਆ ਹੋਇਆ ਸੀ। ਮੋਦੀ ਨੇ ਕਿਹਾ, ''ਤਾਲਾਬੰਦੀ ਦਾ ਐਲਾਨ ਕਰਦਿਆਂ ਮੈਂ ਕਿਹਾ ਸੀ 'ਜਾਨ ਹੈ ਤਾਂ ਜਹਾਨ ਹੈ।' ਦੇਸ਼ ਦੇ ਜ਼ਿਆਦਾਤਰ ਲੋਕਾਂ ਨੇ ਇਸ ਨੂੰ ਸਮਝਿਆ ਹੈ ਅਤੇ ਘਰਾਂ ਅੰਦਰ ਰਹਿਣ ਦੀ ਜ਼ਿੰਮੇਵਾਰੀ ਦਾ ਪਾਲਣ ਕੀਤਾ। ਅਤੇ ਹੁਣ 'ਜਾਨ ਵੀ, ਜਹਾਨ ਵੀ' 'ਤੇ ਵੀ ਧਿਆਨ ਦੇਣ ਦੀ ਜ਼ਰੂਰਤ ਹੈ ਜੋ ਭਾਰਤ ਦੇ 'ਰੌਸ਼ਨ ਭਵਿੱਖ, ਖ਼ੁਸ਼ਹਾਲੀ ਅਤੇ ਸਿਹਤਮੰਦ ਭਾਰਤ' ਲਈ ਜ਼ਰੂਰੀ ਹੈ।''

ਪ੍ਰਧਾਨ ਮੰਤਰੀ ਨਾਲ ਵੀਡੀਉ ਕਾਨਫ਼ਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ ਨੂੰ ਘੱਟ ਤੋਂ ਘੱਟ ਇਕ ਪੰਦਰਵਾੜੇ ਦਿਤ ਲਈ ਵਧਾਉਣ ਦਾ ਸੁਝਾਅ ਦਿਤਾ। ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਪ੍ਰਧਾਨ ਮੰਤਰੀ ਮੋਦੀ ਨੇ ਪਿਛਲੇ ਮਹੀਨੇ 21 ਦਿਨਾਂ ਦੀ ਦੇਸ਼ਪਧਰੀ ਤਾਲਾਬੰਦੀ ਦਾ ਐਲਾਨ ਕੀਤਾ ਸੀ, ਜਿਸ ਦਾ ਸਮਾਂ 14 ਅਪ੍ਰੈਲ ਤਕ ਹੈ।

ਇਸ ਗੱਲਬਾਤ 'ਚ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਮਹਾਰਾਸ਼ਟਰ ਦੇ ਊਧਵ ਠਾਕਰੇ, ਉਤਰ ਪ੍ਰਦੇਸ਼ ਦੇ ਯੋਗੀ ਆਦਿਤਿਆਨਾਥ, ਹਰਿਆਣਾ ਦੇ ਮਨੋਹਰ ਲਾਲ ਖੱਟਰ, ਤੇਲੰਗਾਨਾ ਦੇ ਕੇ. ਚੰਦਰਸ਼ੇਖਰ ਰਾਉ, ਬਿਹਾਰ ਦੇ ਨੀਤੀਸ਼ ਕੁਮਾਰ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਆਦਿ ਨੇ ਹਿੱਸਾ ਲਿਆ।