‘ਅੰਕੜਿਆਂ ਤੋਂ ਸਬਕ ਲੈ ਕੇ ਯੋਜਨਾ ਬਣਾਵੇ ਸਰਕਾਰ, ਸਿਰਫ ਲੌਕਡਾਊਨ ਨਾਲ ਨਹੀਂ ਮਰੇਗਾ ਕੋਰੋਨਾ’

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਸ਼ਵ ਸਿਹਤ ਸੰਗਠਨ ਦੀ ਚੀਫ ਸਾਇੰਟਿਸਟ ਦੀ ਕੇਂਦਰ ਨੂੰ ਸਲਾਹ

Photo

ਨਵੀਂ ਦਿੱਲੀ: ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਚੀਫ ਸਾਇੰਟਿਸਟ ਡਾ. ਸੌਮਿਆ ਸਵਾਮੀਨਾਥਨ ਨੇ ਕਿਹਾ ਹੈ ਕਿ ਘਾਤਕ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੰਬੀ ਚੱਲਣ ਦੀ ਸੰਭਾਵਨਾ ਹੈ। ਉਹਨਾਂ ਕਿਹਾ ਕਿ ਲੌਕਡਾਉਨ ਵਰਗੇ ਕਦਮ ਇਸ ਨੂੰ ਦੂਰ ਕਰਨ ਲਈ ਕਾਰਗਰ ਸਾਬਿਤ ਨਹੀਂ ਹੋ ਸਕਦੇ।

ਇਸ ਵਿਚ ਹੋਰ ਜਨਤਕ ਸਿਹਤ ਉਪਾਵਾਂ ਨੂੰ ਵੀ ਸ਼ਾਮਲ ਕਰਨਾ ਪਵੇਗਾ।  ਸਵਾਮੀਨਾਥਨ ਨੇ ਇਕ ਇੰਟਰਵਿਊ ਦੌਰਾਨ ਇਹ ਗੱਲ ਕਹੀ ਹੈ। ਡਾ. ਸੌਮਿਆ ਨੇ ਤੀਹ ਸਾਲਾਂ ਤੋਂ ਟੀਬੀ ਅਤੇ ਐਚਆਈਵੀ ‘ਤੇ ਖੋਜ ਦੇ ਖੇਤਰ ਵਿਚ ਕੰਮ ਕੀਤਾ। ਉਹ ਸਾਲ 2015 ਤੋਂ 2017 ਤੱਕ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੀ ਡਾਇਰੈਕਟਰ ਜਨਰਲ ਵੀ ਰਹੀ ਹੈ।

ਸਵਾਮੀਨਾਥਨ ਨੇ ਕਿਹਾ ਕਿ ਇਸ ਮਹਾਂਮਾਰੀ ਨੂੰ ਕੰਟਰੋਲ ਕਰਨ ਲਈ ਅੰਕੜੇ ਬਹੁਤ ਮਹੱਤਵਪੂਰਨ ਹਨ। ਸਾਨੂੰ ਟੈਸਟਿੰਗ ਵਧਾਉਣ ਦੀ ਲੋੜ ਹੈ। ਹਾਲਾਂਕਿ ਸੱਚ ਇਹ ਹੈ ਕਿ ਟੈਸਟਿੰਗ ਕਿੱਟਾਂ ਦੀ ਘਾਟ ਕਾਰਨ, ਕਈ ਲੋਕਾਂ ਦੀ ਜਾਂਚ ਨਹੀਂ ਕੀਤੀ ਜਾ ਸਕਦੀ। ਹਾਲਾਂਕਿ ਕਈ ਦੇਸ਼ਾਂ ਵਿਚ ਸੀਰੋਲੌਜੀਕਲ ਟੈਸਟਿੰਗ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।

ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੀ ਆਬਾਦੀ ਪ੍ਰਭਾਵਿਤ ਹੈ ਅਤੇ ਇਸ ਨਾਲ ਵਾਇਰਸ ਦੇ ਭੂਗੋਲਿਕ ਪ੍ਰਸਾਰ ਦੀ ਸਥਿਤੀ ਵੀ ਜਾਣੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਹਰ ਜ਼ਿਲ੍ਹੇ ਦੇ ਲੋਕਾਂ ਦੇ ਨਮੂਨੇ ‘ਤੇ ਦੇਸ਼ ਵਿਆਪੀ ਸੀਰੋਲੌਜੀਕਲ ਸਰਵੇਖਣ ਨਾਲ ਸਾਡੇ ਕੋਲ ਭਾਰਤ ਭਰ ਵਿਚ ਇਸ ਦੇ ਪ੍ਰਸਾਰ ਦਾ ਨਕਸ਼ਾ ਹੋ ਸਕਦਾ ਹੈ।

ਉਹਨਾਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਦੇ 250 ਤੋਂ ਵੱਧ ਜ਼ਿਲ੍ਹਿਆਂ ਵਿਚ ਕੋਰੋਨਾ ਦੇ ਮਾਮਲੇ ਪਾਏ ਗਏ ਹਨ, ਪਰ ਇਹ ਨਹੀਂ ਜਾਣਦੇ ਕਿ ਬਾਕੀ 400 ਜ਼ਿਲ੍ਹਿਆਂ ਵਿਚ ਕੋਰੋਨਾ ਦਾ ਪ੍ਰਭਾਵ ਹੈ ਜਾਂ ਨਹੀਂ ਹੈ। ਇਸ ਸੰਬੰਧੀ ਜਾਣਕਾਰੀ ਸੀਰੋਲੌਜੀਕਲ ਜਾਂਚ ਦੁਆਰਾ ਮਿਲੇਗੀ। ਇਸ ਨਾਲ ਸਮੇਂ ਸਮੇਂ ਤੇ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਦਾ ਪ੍ਰਕੋਪ ਕਿਵੇਂ ਵਿਕਸਤ ਹੋ ਰਿਹਾ ਹੈ। ਅਜਿਹੀ ਸਥਿਤੀ ਵਿਚ ਅੰਕੜਿਆਂ ਤੋਂ ਸਬਕ ਲੈ ਕੇ ਕੋਰੋਨਾ ਵਿਰੁੱਧ ਨੀਤੀ ਬਣਾਉਣ ਦੀ ਜ਼ਰੂਰਤ ਹੈ।