ਕੋਰੋਨਾ: ਉਮੀਦ ਹੈ ਕਿ ਪੀਐੱਮ ਮੋਦੀ ਮਾਰਚ 2020 ਵਾਲੀ ਗਲਤੀ ਦੁਬਾਰਾ ਨਹੀਂ ਕਰਨਗੇ - ਉਵੈਸੀ
ਮਾਰਚ 2020 ਵਿਚ ਪੀਐਮ ਮੋਦੀ ਦੇ ਤਾਲਾਬੰਦੀ ਕਰਨ ਨਾਲ 10 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਲਗਭਗ 25 ਤੋਂ 30 ਲੱਖ ਲੋਕਾਂ ਦੀ ਤਨਖਾਹ ਕੱਟੀ ਗਈ।
ਨਵੀਂ ਦਿੱਲੀ: ਹੈਦਰਾਬਾਦ ਤੋਂ ਸੰਸਦ ਅਤੇ ਆਲ ਇੰਡੀਆ ਮਜਲਿਸ-ਏ-ਇਤਹਾਦ-ਉਲ-ਮੁਸਲੀਮੀਨ ਦੇ ਪ੍ਰਧਾਨ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਦੁਬਾਰਾ ਦੇਸ਼ ਵਿਚ ਤਾਲਾਬੰਦੀ ਨਾ ਲਗਾਉਣ। ਉਹਨਾਂ ਕਿਹਾ ਕਿ ਵੱਧ ਰਹੇ ਕੋਰੋਨਾ ਵਾਇਰਸ ਦੇ ਵਿਚਕਾਰ, ਜੇ ਪੀਐਮ ਮੋਦੀ ਮਾਰਚ 2020 ਦੀ ਗਲਤੀ ਦੁਹਰਾਉਂਦੇ ਹਨ ਤਾਂ ਬਹੁਤ ਵੱਡੀ ਮੁਸ਼ਕਿਲ ਹੋ ਜਾਵੇਗੀ।
ਉਵੈਸੀ ਨੇ ਦੋਸ਼ ਲਗਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਹੋਣ ਤੋਂ ਬਾਅਦ ਲੌਕਡਾਊਨ ਲਗਾਉਣਾ ਚਾਹੁੰਦੇ ਹਨ।
ਉਵੈਸੀ ਨੇ ਇਸ ਬਾਰੇ ਆਪਣੇ ਟਵਿੱਟਰ 'ਤੇ ਇਕ ਵੀਡੀਓ ਵੀ ਅਪਲੋਡ ਕੀਤੀ ਹੈ ਜਿਸ ਵਿਚ ਉਹ ਕਹਿ ਰਹੇ ਹਨ ਕਿ ਅਜਿਹਾ ਨਾ ਹੋਵੇ ਕਿ 2 ਮਈ ਨੂੰ ਪੱਛਮ ਬੰਗਾਲ, ਅਸਾਮ, ਤਾਮਿਲਨਾਡੂ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਜਿਵੇਂ ਹੀ ਆਉਂਦੇ ਹਨ ਤਾਂ ਪੀਐੱਮ ਮੋਦੀ ਰਾਤ ਨੂੰ 8 ਵਜੇ ਆ ਕੇ ਕਹਿਣ ਕਿ ''ਲੌਕਡਾਊਨ''
ਓਵੈਸੀ ਨੇ ਕਿਹਾ, "ਇਹ ਇਕ ਵੱਡਾ ਧੋਖਾ ਹੋਵੇਗਾ ਜੇ ਭਾਜਪਾ ਚੋਣਾਂ ਖ਼ਤਮ ਹੋਣ ਤੋਂ ਬਾਅਦ ਦੇਸ਼ ਵਿਆਪੀ ਤਾਲਾਬੰਦੀ ਦਾ ਐਲਾਨ ਕਰੇਗੀ।" ਉਨ੍ਹਾਂ ਕਿਹਾ ਕਿ ਜੇਕਰ ਮੁੜ ਤੋਂ ਤਾਲਾਬੰਦੀ ਲਗਾਈ ਗਈ ਤਾਂ ਗਰੀਬ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮਾਰਚ 2020 ਵਿਚ ਪੀਐਮ ਮੋਦੀ ਦੇ ਤਾਲਾਬੰਦੀ ਕਰਨ ਨਾਲ 10 ਕਰੋੜ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਅਤੇ ਲਗਭਗ 25 ਤੋਂ 30 ਲੱਖ ਲੋਕਾਂ ਦੀ ਤਨਖਾਹ ਕੱਟੀ ਗਈ। ਓਵੈਸੀ ਨੇ ਕਿਹਾ ਕਿ ਵਧ ਰਹੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਲੌਕਡਾਊਨ ਸਹੀ ਹੱਲ ਨਹੀਂ ਹੈ, ਹਾਲਾਂਕਿ, ਉਹਨਾਂ ਨੇ ਨਾਈਟ ਕਰਫਿਊ ਦਾ ਸਮਰਥਨ ਕੀਤਾ ਅਤੇ ਲੋਕਾਂ ਨੂੰ ਸਮਾਜਿਕ ਦੂਰੀਆਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ।