Arvind Kejriwal News: ਸੋਮਵਾਰ ਨੂੰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ CM ਮਾਨ
ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਕਿਸੇ ਵੀ ਕੰਮ ਵਾਲੇ ਦਿਨ ਮੁਲਾਕਾਤ ਲਈ ਆ ਸਕਦੇ ਹਨ।
Arvind Kejriwal News: ਨਵੀਂ ਦਿੱਲੀ - ਮੁੱਖ ਮੰਤਰੀ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਨਾਲ ਤਿਹੜਾ ਜੇਲ੍ਹ ਵਿਚ 15 ਅਪ੍ਰੈਲ ਨੂੰ ਮੁਲਾਕਾਤ ਕਰਨਗੇ। ਮੀਟਿੰਗ ਤੋਂ ਪਹਿਲਾਂ ਜੇਲ੍ਹ ਪ੍ਰਸ਼ਾਸਨ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਆਈ.ਬੀ., ਦਿੱਲੀ ਪੁਲਿਸ ਸੁਰੱਖਿਆ ਯੂਨਿਟ, ਪੰਜਾਬ ਪੁਲਿਸ ਨੇ ਤਿਹਾੜ ਜੇਲ੍ਹ ਵਿਚ ਸੁਰੱਖਿਆ ਸਮੀਖਿਆ ਕੀਤੀ।
ਤਿਹਾੜ ਜੇਲ੍ਹ ਪ੍ਰਸ਼ਾਸਨ ਨੇ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਨੂੰ ਸੂਚਿਤ ਕੀਤਾ ਹੈ ਕਿ ਉਹ ਅਗਲੇ ਹਫ਼ਤੇ ਕਿਸੇ ਵੀ ਕੰਮ ਵਾਲੇ ਦਿਨ ਮੁਲਾਕਾਤ ਲਈ ਆ ਸਕਦੇ ਹਨ। ਮੀਟਿੰਗ ਵਿਚ ਕਿਸੇ ਵੀ ਤਰ੍ਹਾਂ ਦਾ ਵੀਆਈਪੀ ਟ੍ਰੀਟਮੈਂਟ ਨਹੀਂ ਹੋਵੇਗਾ। ਮੁਲਾਕਾਤ ਜੇਲ੍ਹ ਮੈਨੂਅਲ ਦੇ ਆਧਾਰ 'ਤੇ ਹੋਵੇਗੀ। ਜੇਲ੍ਹ ਪ੍ਰਸ਼ਾਸ਼ਨ ਅਤੇ ਦਿੱਲੀ-ਪੰਜਾਬ ਪੁਲਿਸ ਦੇ ਅਧਿਕਾਰੀਆਂ ਦਰਮਿਆਨ ਸ਼ੁੱਕਰਵਾਰ ਨੂੰ ਸੰਭਾਵਿਤ ਮੀਟਿੰਗ ਲਈ ਸੁਰੱਖਿਆ ਪ੍ਰਬੰਧਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਗਏ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਜੇਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੈਠਕ ਤਿਹਾੜ 'ਚ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਦੇ ਦਫ਼ਤਰ 'ਚ ਸਵੇਰੇ 11 ਵਜੇ ਸ਼ੁਰੂ ਹੋਈ। ਇਹ ਮੀਟਿੰਗ ਭਗਵੰਤ ਮਾਨ ਅਤੇ ਕੇਜਰੀਵਾਲ ਵਿਚਾਲੇ ਮੁਲਾਕਾਤ ਲਈ ਦਿੱਲੀ ਜੇਲ੍ਹ ਮੈਨੂਅਲ ਅਨੁਸਾਰ ਸਾਰੀਆਂ ਰਸਮਾਂ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਪੂਰਾ ਕਰਨ ਲਈ ਕੀਤੀ ਗਈ ਸੀ।
ਭਗਵੰਤ ਮਾਨ ਨੇ ਤਿਹਾੜ ਜੇਲ੍ਹ ਨੰਬਰ 2 'ਚ ਬੰਦ ਦਿੱਲੀ ਦੇ ਮੁੱਖ ਮੰਤਰੀ ਨੂੰ ਮਿਲਣ ਲਈ ਤਿਹਾੜ ਪ੍ਰਸ਼ਾਸਨ ਤੋਂ ਸਮਾਂ ਮੰਗਿਆ ਹੈ। ਕੇਜਰੀਵਾਲ ਹੁਣ ਦਿੱਲੀ ਆਬਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਤਿਹਾੜ ਜੇਲ੍ਹ 'ਚ ਬੰਦ ਹਨ ਅਤੇ 15 ਅਪ੍ਰੈਲ ਤੱਕ ਨਿਆਂਇਕ ਹਿਰਾਸਤ 'ਚ ਰਹਿਣਗੇ। ਉਸ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ। ਕੇਜਰੀਵਾਲ ਨੇ ਜੇਲ੍ਹ ਵਿਚ ਪੰਜਾਬ ਦੇ ਮੁੱਖ ਮੰਤਰੀ ਸਮੇਤ ਛੇ ਲੋਕਾਂ ਦੇ ਨਾਮ ਦੱਸੇ ਹਨ ਜਿਨ੍ਹਾਂ ਨੂੰ ਉਹ ਮਿਲਣਾ ਚਾਹੁੰਦੇ ਹਨ।