ਤਹੱਵੁਰ ਰਾਣਾ ਨੇ ਭਾਰਤ ਦੇ ਹੋੋਰ ਸ਼ਹਿਰਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ : ਐਨ.ਆਈ.ਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁੰਬਈ ਅਤਿਵਾਦੀ ਹਮਲੇ ਦਾ ਸਾਜ਼ਿਸ਼ਕਰਤਾ ਤਹੱਵੁਰ ਰਾਣਾ 18 ਦਿਨਾਂ ਲਈ ਐਨ.ਆਈ.ਏ. ਹਿਰਾਸਤ ’ਚ

Tahavur Rana had planned to target other cities

ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਕਿਹਾ ਹੈ ਕਿ ਮੁਲਜ਼ਮ ਤਹੱਵੁਰ ਰਾਣਾ ਨੇ 26/11 ਦੇ ਮੁੰਬਈ ਅਤਿਵਾਦੀ ਹਮਲਿਆਂ ਵਰਗੀਆਂ ਕਈ ਹੋਰ ਸਾਜ਼ਸ਼ਾਂ ਦੀ ਯੋਜਨਾ ਬਣਾਈ ਸੀ। ਇਕ ਸੂਤਰ ਅਨੁਸਾਰ ਏਜੰਸੀ ਨੇ ਜੱਜ ਨੂੰ ਕਿਹਾ, ‘‘ਰਾਣਾ ਦੀ ਲੰਬੀ ਹਿਰਾਸਤ ਜ਼ਰੂਰੀ ਹੈ ਤਾਂ ਜੋ ਸਾਜ਼ਸ਼ ਦੀਆਂ ਡੂੰਘੀਆਂ ਪਰਤਾਂ ਦਾ ਪਰਦਾਫਾਸ਼ ਕਰਨ ਦੇ ਉਦੇਸ਼ ਨਾਲ ਵਿਆਪਕ ਪੁੱਛ-ਪੜਤਾਲ ਕੀਤੀ ਜਾ ਸਕੇ। ਸਾਨੂੰ ਸ਼ੱਕ ਹੈ ਕਿ ਮੁੰਬਈ ਹਮਲਿਆਂ ਵਿਚ ਵਰਤੀ ਗਈ ਰਣਨੀਤੀ ਦਾ ਉਦੇਸ਼ ਹੋਰ ਸ਼ਹਿਰਾਂ ਵਿਚ ਵੀ ਅੰਜਾਮ ਦੇਣਾ ਸੀ।’’

ਅਤਿਵਾਦ ਰੋਕੂ ਏਜੰਸੀ ਨੇ ਪਾਕਿਸਤਾਨੀ ਮੂਲ ਦੇ 64 ਸਾਲਾ ਕੈਨੇਡੀਅਨ ਕਾਰੋਬਾਰੀ ਰਾਣਾ ਨੂੰ ਅਮਰੀਕਾ ਤੋਂ ਹਵਾਲਗੀ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਇੱਥੇ ਪਹੁੰਚਣ ’ਤੇ ਰਸਮੀ ਤੌਰ ’ਤੇ ਗ੍ਰਿਫਤਾਰ ਕਰਨ ਤੋਂ ਬਾਅਦ ਪਟਿਆਲਾ ਹਾਊਸ ਸਥਿਤ ਐਨ.ਆਈ.ਏ. ਦੀ ਵਿਸ਼ੇਸ਼ ਅਦਾਲਤ ’ਚ ਪੇਸ਼ ਕੀਤਾ ਸੀ। ਵਿਸ਼ੇਸ਼ ਕੌਮੀ ਜਾਂਚ ਏਜੰਸੀ (ਐਨ.ਆਈ.ਏ.) ਦੇ ਜੱਜ ਚੰਦਰ ਜੀਤ ਸਿੰਘ ਨੇ ਰਾਣਾ ਨੂੰ 18 ਦਿਨਾਂ ਦੀ ਹਿਰਾਸਤ ’ਚ ਭੇਜ ਦਿਤਾ ਜਦਕਿ ਐਨ.ਆਈ.ਏ. ਨੇ 20 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ। ਰਾਣਾ ਨੂੰ ਵੀਰਵਾਰ ਦੇਰ ਰਾਤ ਜੇਲ੍ਹ ਵੈਨ, ਬਖਤਰਬੰਦ ਸਵੈਟ ਗੱਡੀ ਅਤੇ ਐਂਬੂਲੈਂਸ ਸਮੇਤ ਕਾਫਲੇ ਵਿਚ ਪਟਿਆਲਾ ਹਾਊਸ ਕੋਰਟ ਲਿਆਂਦਾ ਗਿਆ। ਸੀਨੀਅਰ ਵਕੀਲ ਦਯਾਨ ਕ੍ਰਿਸ਼ਨਨ ਅਤੇ ਵਿਸ਼ੇਸ਼ ਸਰਕਾਰੀ ਵਕੀਲ ਨਰਿੰਦਰ ਮਾਨ ਨੇ ਐਨ.ਆਈ.ਏ. ਦੀ ਨੁਮਾਇੰਦਗੀ ਕੀਤੀ।

 ਰਾਣਾ ਨੂੰ ਪਟਿਆਲਾ ਹਾਊਸ ਕੋਰਟ ਕੰਪਲੈਕਸ ਲਿਆਉਣ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਮੀਡੀਆ ਕਰਮੀਆਂ ਅਤੇ ਆਮ ਲੋਕਾਂ ਨੂੰ ਅਪਣੇ ਕੰਪਲੈਕਸ ਤੋਂ ਹਟਾ ਦਿਤਾ ਸੀ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਇਕ ਸੂਤਰ ਨੇ ਦਸਿਆ ਕਿ ਦਿੱਲੀ ਦੀ ਇਕ ਅਦਾਲਤ ਨੂੰ ਹਾਲ ਹੀ ’ਚ ਰਾਣਾ ਦੀ ਅਮਰੀਕਾ ਤੋਂ ਹਵਾਲਗੀ ਤੋਂ ਪਹਿਲਾਂ ਮੁੰਬਈ ਹਮਲਿਆਂ ਦਾ ਰੀਕਾਰਡ ਮਿਲਿਆ ਸੀ। ਐਨ.ਆਈ.ਏ. ਨੇ ਕਿਹਾ ਕਿ ਅਪਰਾਧਕ ਸਾਜ਼ਸ਼ ਦੇ ਹਿੱਸੇ ਵਜੋਂ ਮੁਲਜ਼ਮ ਨੰਬਰ 1 ਡੇਵਿਡ ਕੋਲਮੈਨ ਹੈਡਲੀ ਨੇ ਰਾਣਾ ਦੇ ਭਾਰਤ ਦੌਰੇ ਤੋਂ ਪਹਿਲਾਂ ਉਸ ਨਾਲ ਪੂਰੇ ਆਪਰੇਸ਼ਨ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ। 

ਐਨ.ਆਈ.ਏ. ਨੇ ਅਦਾਲਤ ਨੂੰ ਦਸਿਆ ਕਿ ਸੰਭਾਵਤ ਚੁਨੌਤੀਆਂ ਦਾ ਅੰਦਾਜ਼ਾ ਲਗਾਉਂਦੇ ਹੋਏ ਹੈਡਲੀ ਨੇ ਰਾਣਾ ਨੂੰ ਈ-ਮੇਲ ਭੇਜ ਕੇ ਅਪਣੇ ਸਾਮਾਨ ਅਤੇ ਜਾਇਦਾਦ ਦਾ ਵੇਰਵਾ ਦਿਤਾ ਅਤੇ ਹੈਡਲੀ ਨੇ ਰਾਣਾ ਨੂੰ ਇਸ ਸਾਜ਼ਸ਼ ਵਿਚ ਪਾਕਿਸਤਾਨੀ ਨਾਗਰਿਕਾਂ ਇਲਿਆਸ ਕਸ਼ਮੀਰੀ ਅਤੇ ਅਬਦੁਰ ਰਹਿਮਾਨ ਦੀ ਸ਼ਮੂਲੀਅਤ ਬਾਰੇ ਵੀ ਦਸਿਆ। ਜੱਜ ਨੇ ਅਪਣੇ ਹੁਕਮ ’ਚ ਐਨ.ਆਈ.ਏ. ਨੂੰ ਹੁਕਮ ਦਿਤਾ ਕਿ ਉਹ ਹਰ 24 ਘੰਟਿਆਂ ਬਾਅਦ ਰਾਣਾ ਦੀ ਡਾਕਟਰੀ ਜਾਂਚ ਕਰੇ ਅਤੇ ਉਸ ਨੂੰ ਹਰ ਦੂਜੇ ਦਿਨ ਅਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦੇਵੇ। ਜੱਜ ਨੇ ਰਾਣਾ ਨੂੰ ਸਿਰਫ ‘ਨਰਮ ਨੋਕ ਵਾਲੀ ਪੈੱਨ’ ਦੀ ਵਰਤੋਂ ਕਰਨ ਅਤੇ ਐਨ.ਆਈ.ਏ. ਅਧਿਕਾਰੀਆਂ ਦੀ ਮੌਜੂਦਗੀ ਵਿਚ ਅਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਦਿਤੀ। 

ਬਹਿਸ ਦੌਰਾਨ ਐਨ.ਆਈ.ਏ. ਨੇ ਕਿਹਾ ਕਿ ਸਾਜ਼ਸ਼ ਦੇ ਪੂਰੇ ਦਾਇਰੇ ਨੂੰ ਇਕੱਠਾ ਕਰਨ ਲਈ ਰਾਣਾ ਦੀ ਹਿਰਾਸਤ ਦੀ ਲੋੜ ਹੈ ਅਤੇ ਕਿਹਾ ਕਿ ਉਸ ਨੂੰ 17 ਸਾਲ ਪਹਿਲਾਂ ਵਾਪਰੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਵੱਖ-ਵੱਖ ਥਾਵਾਂ ’ਤੇ ਲਿਜਾਣ ਦੀ ਲੋੜ ਹੈ। ਏਜੰਸੀ ਨੇ ਕਿਹਾ ਕਿ ਉਸ ਨੂੰ ਰਾਣਾ ਦੇ ਹੋਰ ਅਤਿਵਾਦੀਆਂ ਅਤੇ ਮਾਮਲੇ ਦੇ ਮੁਲਜ਼ਮਾਂ ਨਾਲ ਸਬੰਧਾਂ ਦੀ ਜਾਂਚ ਕਰਨ ਦੀ ਜ਼ਰੂਰਤ ਹੈ। 

ਸੂਤਰਾਂ ਨੇ ਕਿਹਾ ਕਿ ਮਹੱਤਵਪੂਰਨ ਸਬੂਤ ਇਕੱਠੇ ਕਰਨ ਅਤੇ 17 ਸਾਲ ਪਹਿਲਾਂ ਦੀਆਂ ਘਟਨਾਵਾਂ ਦਾ ਪਤਾ ਲਗਾਉਣ ਲਈ ਅਧਿਕਾਰੀ ਰਾਣਾ ਨੂੰ ਪ੍ਰਮੁੱਖ ਸਥਾਨਾਂ ’ਤੇ ਲਿਜਾ ਸਕਦੇ ਹਨ, ਜਿਸ ਨਾਲ ਉਹ ਅਪਰਾਧ ਵਾਲੀ ਥਾਂ ਦਾ ਪੁਨਰ ਨਿਰਮਾਣ ਕਰ ਸਕਣਗੇ ਅਤੇ ਵੱਡੇ ਅਤਿਵਾਦੀ ਨੈਟਵਰਕ ਬਾਰੇ ਡੂੰਘੀ ਸਮਝ ਹਾਸਲ ਕਰ ਸਕਣਗੇ। ਐਨ.ਆਈ.ਏ. ਦੇ ਡੀ.ਆਈ.ਜੀ., ਇਕ ਆਈ.ਜੀ. ਅਤੇ ਦਿੱਲੀ ਪੁਲਿਸ ਦੇ ਪੰਜ ਡੀ.ਸੀ.ਪੀ. ਉਸ ਨੂੰ ਪੇਸ਼ੀ ਦੌਰਾਨ ਅਦਾਲਤ ਦੇ ਕੰਪਲੈਕਸ ’ਚ ਮੌਜੂਦ ਸਨ। ਰਾਣਾ 18 ਦਿਨਾਂ ਲਈ ਐਨ.ਆਈ.ਏ. ਦੀ ਹਿਰਾਸਤ ’ਚ ਰਹੇਗਾ, ਇਸ ਦੌਰਾਨ ਏਜੰਸੀ ਨੇ ‘‘2008 ਦੇ ਘਾਤਕ ਹਮਲਿਆਂ ਪਿੱਛੇ ਪੂਰੀ ਸਾਜ਼ਸ਼ ਦਾ ਪਰਦਾਫਾਸ਼ ਕਰਨ ਲਈ ਉਸ ਤੋਂ ਵਿਸਥਾਰ ਨਾਲ ਪੁੱਛ-ਪੜਤਾਲ ਕਰਨ ਦੀ ਯੋਜਨਾ ਬਣਾਈ ਹੈ’’ ਜਿਸ ’ਚ 166 ਵਿਅਕਤੀ ਮਾਰੇ ਗਏ ਸਨ ਅਤੇ 238 ਤੋਂ ਵੱਧ ਜ਼ਖਮੀ ਹੋਏ ਸਨ।     (ਪੀਟੀਆਈ)