ਚੋਣਾਂ ਜਿੱਤਣ ਲਈ ਈਵੀਐਮ ਮਸ਼ੀਨਾਂ 'ਚ ਹੇਰਾਫੇਰੀ ਕਰ ਰਹੀ ਹੈ ਭਾਜਪਾ : ਸ਼ਿਵਸੈਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਨਾਰਾਜ਼ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਰਾਜਾਂ ਵਿਚ ਚੋਣ ਜਿੱਤਣ ਲਈ ਈਵੀਐਮ ਵਿਚ ਹੇਰਾਫੇਰੀ ਕਰਨ ਦਾ ਇਲਜ਼ਾਮ ...

EVM Machine

ਮੁੰਬਈ, ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਨਾਰਾਜ਼ ਭਾਈਵਾਲ ਪਾਰਟੀ ਸ਼ਿਵਸੈਨਾ ਨੇ ਰਾਜਾਂ ਵਿਚ ਚੋਣ ਜਿੱਤਣ ਲਈ ਈਵੀਐਮ ਵਿਚ ਹੇਰਾਫੇਰੀ ਕਰਨ ਦਾ ਇਲਜ਼ਾਮ ਲਾਇਆ ਅਤੇ ਦਾਅਵਾ ਕੀਤਾ ਕਿ ਵੋਟਾਂ ਦੇ ਵਰਤਮਾਨ ਤਰੀਕੇ ਤੋਂ ਲੋਕਾਂ ਦਾ ਭਰੋਸਾ ਉਠ ਰਿਹਾ ਹੈ। ਸ਼ਿਵਸੈਨਾ ਨੇ ਕਿਹਾ ਕਿ ਬੈਂਗਲੁਰੂ ਵਿਚ 'ਫ਼ਰਜ਼ੀ' ਵੋਟਰ ਪਛਾਣ ਪੱਤਰਾਂ ਦਾ ਮਿਲਣਾ ਵਿਖਾਉਂਦਾ ਹੈ ਕਿ ਕਰਨਾਟਕ ਵਿਚ ਚੋਣ ਪ੍ਰਕਿਰਿਆ ਦਾ ਪੱਧਰ ਕਿਸ ਹੱਦ ਤਕ ਪਹੁੰਚ ਗਿਆ ਹੈ। ਕਰਨਾਟਕ ਵਿਚ ਸਨਿਚਰਵਾਰ ਨੂੰ ਵੋਟਾਂ ਪੈਣੀਆਂ ਹਨ ਜਿਸ ਦੇ ਨਤੀਜੇ 15 ਮਈ ਨੂੰ ਆਉਣਗੇ।  ਪਾਰਟੀ ਨੇ ਅਪਣੇ ਅਖ਼ਬਾਰ 'ਸਾਮਨਾ' ਵਿਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਕਾਂਗਰਸ ਮੁਕਤ ਭਾਰਤ' ਦੀ ਗੱਲ ਕਰਦੇ ਹਨ।

ਭਲੇ ਹੀ ਕਾਂਗਰਸ ਖ਼ਤਮ ਹੋਣ ਦੀ ਕਗਾਰ ਉਤੇ ਪਹੁੰਚ ਗਈ ਹੈ ਪਰ ਉਸ ਦੇ ਵਿਚਾਰ ਨਹੀਂ ਮਰੇ। ਭਾਜਪਾ ਕਾਂਗਰਸ ਦੀਆਂ ਵਿਸ਼ੇਸ਼ਤਾਵਾਂ ਨੂੰ ਅਪਣਾ ਕੇ ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸ਼ਿਵਸੈਨਾ ਨੇ ਕਿਹਾ ਕਿ ਕਰਨਾਟਕ ਚੋਣਾਂ ਤੋਂ ਪਹਿਲਾਂ, ਬੈਂਗਲੁਰੂ ਦੇ ਇਕ ਮਕਾਨ ਤੋਂ 10,000 ਫ਼ਰਜ਼ੀ ਵੋਟਰ ਕਾਰਡ ਮਿਲੇ। ਕਾਂਗਰਸ ਨੇ ਭਾਜਪਾ ਨੂੰ ਇਸ ਮੁੱਦੇ 'ਤੇ ਘੇਰਿਆ। ਇਹ ਸਾਬਤ ਕਰਦਾ ਹੈ ਕਿ ਕਰਨਾਟਕ ਵਿਚ ਚੋਣ ਦਾ ਪੱਧਰ ਕਿੰਨਾ ਡਿੱਗ ਗਿਆ ਹੈ। ਅਜਿਹਾ ਲਗਦਾ ਹੈ ਕਿ ਹਰ ਘਰ ਵਿਚ 'ਮੁਦਰਾ ਬੈਂਕ' ਨੋਟ ਛਪ ਰਹੇ ਹਨ। ਕਾਂਗਰਸ ਅਜਿਹਾ ਕੀ ਕਰਦੀ ਸੀ ਜੋ ਹੁਣ ਭਾਜਪਾ ਕਰ ਰਹੀ ਹੈ। ਸ਼ਿਵ ਸੈਨਾ ਨੇ ਇਲਜ਼ਾਮ ਲਾਇਆ ਕਿ ਕਾਂਗਰਸ ਵੀ ਅਪਣੇ ਸ਼ਾਸਨ ਦੌਰਾਨ ਅਜਿਹੇ ਕੰਮ ਕਰਦੀ ਰਹੀ। (ਏਜੰਸੀ)