ਅੱਠਵੀਂ ਦੀ ਕਿਤਾਬ 'ਚ ਬਾਲ ਗੰਗਾਧਰ ਤਿਲਕ ਨੂੰ ਦਸਿਆ 'ਫਾਦਰ ਆਫ਼ ਟੈਰੇਰਿਜ਼ਮ', ਮਚਿਆ ਬਵਾਲ
ਰਾਜਸਥਾਨ ਵਿਚ ਅੱਠਵੀਂ ਜਮਾਤ ਦੀ ਕਿਤਾਬ ਵਿਚ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ 'ਅਤਿਵਾਦ ਦਾ ਜਨਕ' (ਫਾਦਰ ਆਫ਼ ਟੈਰੇਰਿਜ਼ਮ) ਦਸਿਆ ਗਿਆ ਹੈ।ਇੱਥੇ ਰਾਜਸਥਾਨ ਮਾਧਿਮਕ...
ਜੈਪੁਰ, 12 ਮਈ : ਰਾਜਸਥਾਨ ਵਿਚ ਅੱਠਵੀਂ ਜਮਾਤ ਦੀ ਕਿਤਾਬ ਵਿਚ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ 'ਅਤਿਵਾਦ ਦਾ ਜਨਕ' (ਫਾਦਰ ਆਫ਼ ਟੈਰੇਰਿਜ਼ਮ) ਦਸਿਆ ਗਿਆ ਹੈ। ਇੱਥੇ ਰਾਜਸਥਾਨ ਮਾਧਿਮਕ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਅੰਗਰੇਜ਼ੀ ਮਾਧਿਅਮ ਦੇ ਨਿੱਜੀ ਸਕੂਲਾਂ ਵਿਚ ਅੱਠਵੀਂ ਜਮਾਤ ਦੀ ਇਕ ਕਿਤਾਬ ਵਿਚ ਆਜ਼ਾਦੀ ਘੁਲਾਟੀਏ ਬਾਲ ਗੰਗਾਧਰ ਤਿਲਕ ਨੂੰ ਫਾਦਰ ਆਫ਼ ਟੈਰੇਰਿਜ਼ਮ ਲਿਖਿਆ ਗਿਆ ਹੈ। ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਕਾਸ਼ਕ ਨੇ ਇਸ ਨੂੰ ਅਨੁਵਾਦ ਦੀ ਗ਼ਲਤੀ ਦਸਦੇ ਹੋਏ ਸੁਧਾਰ ਦੀ ਗੱਲ ਆਖੀ ਹੈ, ਉਥੇ ਕਾਂਗਰਸ ਨੇ ਕਿਤਾਬ ਨੂੰ ਪਾਠਕ੍ਰਮ ਤੋਂ ਹਟਾਉਣ ਦੀ ਮੰਗ ਕੀਤੀ ਹੈ। ਰਾਜਸਥਾਨ ਰਾਜ ਪਾਠਕ੍ਰਮ ਬੋਰਡ ਕਿਤਾਬਾਂ ਨੂੰ ਹਿੰਦੀ ਵਿਚ ਪ੍ਰਕਾਸ਼ਤ ਕਰਦਾ ਹੈ, ਇਸ ਲਈ ਬੋਰਡ ਤੋਂ ਮਾਨਤਾ ਪ੍ਰਾਪਤ ਅੰਗਰੇਜ਼ੀ ਮਾਧਿਅਮ ਦੇ ਸਕੂਲਾਂ ਲਈ ਮਥੁਰਾ ਦੇ ਇਕ ਪ੍ਰਕਾਸ਼ਕ ਦੁਆਰਾ ਪ੍ਰਕਾਸ਼ਤ ਕਿਤਾਬ ਨੂੰ ਇਸਤੇਮਾਲ ਵਿਚ ਲਿਆ ਜਾਂਦਾ ਹੈ। ਕਿਤਾਬ ਦੇ ਪੇਜ਼ ਨੰਬਰ 267 'ਤੇ 22ਵੇਂ ਅਧਿਆਏ ਵਿਚ ਤਿਲਕ ਦੇ ਬਾਰੇ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਰਾਸ਼ਟਰੀ ਅੰਦੋਲਨ ਦਾ ਰਸਤਾ ਦਿਖਾਇਆ ਸੀ, ਇਸ ਲਈ ਉਨ੍ਹਾਂ ਨੂੰ ਅਤਿਵਾਦ ਦਾ ਜਨਕ (ਫਾਦਰ ਆਫ਼ ਟੈਰੇਰਿਜ਼ਮ) ਕਿਹਾ ਜਾਂਦਾ ਹੈ।
ਕਿਤਾਬ ਵਿਚ ਤਿਲਕ ਸਬੰਧੀ 18ਵੀਂ ਅਤੇ 19ਵੀਂ ਸ਼ਤਾਬਦੀ ਦੇ ਰਾਸ਼ਟਰੀ ਅੰਦੋਲਨ ਦੇ ਸਬੰਧ ਵਿਚ ਲਿਖਿਆ ਗਿਆ ਹੈ। ਕਿਤਾਬ ਵਿਚ ਤਿਲਕ ਦੇ ਹਵਾਲੇ ਨਾਲ ਦਸਿਆ ਗਿਆ ਹੈ ਕਿ ਉਨ੍ਹਾਂ ਦਾ ਮੰਨਣਾ ਸੀ ਕਿ ਬ੍ਰਿਟਿਸ਼ ਅਧਿਕਾਰੀਆਂ ਨੂੰ ਪ੍ਰਾਰਥਨਾ ਕਰਨ ਨਾਲ ਕੁੱਝ ਹਾਸਲ ਨਹੀਂ ਕੀਤਾ ਜਾ ਸਕਦਾ। ਸ਼ਿਵਾਜੀ ਅਤੇ ਗਣਪਤੀ ਮਹਾਂਉਤਸਵਾਂ ਜ਼ਰੀਏ ਤਿਲਕ ਨੇ ਦੇਸ਼ ਵਿਚ ਅਨੋਖੇ ਤਰੀਕੇ ਨਾਲ ਜਾਗਰੂਕਤਾ ਫੈਲਾਉਣ ਦਾ ਕੰਮ ਕੀਤਾ। ਮਥੁਰਾ ਪ੍ਰਕਾਸ਼ਕ ਸਟੂਡੈਂਟ ਐਡਵਾਈਜ਼ਰ ਪਬਲੀਕੇਸ਼ਨ ਪ੍ਰਾਈਵੇਟ ਲਿਮਿਟਡ ਦੇ ਅਧਿਕਾਰੀ ਰਾਜਪਾਲ ਸਿੰਘ ਨੇ ਦਸਿਆ ਕਿ ਗ਼ਲਤੀ ਫੜੀ ਜਾ ਚੁੱਕੀ ਹੈ, ਜਿਸ ਨੂੰ ਸੋਧ ਪ੍ਰਕਾਸ਼ਨ ਵਿਚ ਸੁਧਾਰ ਦਿਤਾ ਗਿਆ ਹੈ। ਉਨ੍ਹਾਂ ਦਸਿਆ ਕਿ ਇਹ ਗ਼ਲਤੀ ਅਨੁਵਾਦਕ ਵਲੋਂ ਕੀਤੀ ਗਈ ਸੀ। ਗ਼ਲਤੀ ਦੇ ਸਾਹਮਣੇ ਆਉਣ 'ਤੇ ਪਿਛਲੇ ਮਹੀਨੇ ਦੇ ਅੰਕ ਵਿਚ ਸੁਧਾਰ ਕਰ ਦਿਤਾ ਗਿਆ ਹੈ। ਕਿਤਾਬ ਦਾ ਪਹਿਲਾ ਅੰਕ ਪਿਛਲੇ ਸਾਲ ਪ੍ਰਕਾਸ਼ਤ ਕੀਤਾ ਗਿਆ ਸੀ। ਦੂਜੇ ਪਾਸੇ ਇਤਿਹਾਸਕਾਰਾਂ ਨੇ ਤਿਲਕ ਵਰਗੀ ਮਹਾਨ ਰਾਸ਼ਟਰੀ ਸਖ਼ਸ਼ੀਅਤ ਨੂੰ ਅਨੁਵਾਦਕ ਦੀਆਂ ਗ਼ਲਤੀਆਂ ਕਾਰਨ ਇਸ ਤਰ੍ਹਾਂ ਦੱਸੇ ਜਾਣ ਦੀ ਨਿੰਦਾ ਕੀਤੀ ਹੈ। ਰਾਜਸਥਾਨ ਸੂਬਾਈ ਕਾਂਗਰਸ ਕਮੇਟੀ ਦੇ ਪ੍ਰਧਾਨ ਸਚਿਨ ਪਾਇਲਟ ਨੇ ਇਸ ਨੂੰ ਦੇਸ਼ ਦਾ ਅਪਮਾਨ ਦਸਿਆ ਹੈ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਇਹ ਬੇਹੱਦ ਮੰਦਭਾਗਾ ਹੈ ਕਿ ਸਿਖਿਆ ਦੇ ਪਾਠਕ੍ਰਮ ਨੂੰ ਜਿਸ ਗ਼ਲਤ ਸਰੂਪ ਵਿਚ ਪੇਸ਼ ਕੀਤਾ ਜਾ ਰਿਹਾ ਹੈ, ਉਸ ਨਾਲ ਆਜ਼ਾਦੀ ਘੁਲਾਟੀਆਂ ਦੇ ਮਾਣ ਨੂੰ ਠੇਸ ਪਹੁੰਚ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬਾਲ ਗੰਗਾਧਰ ਤਿਲਕ ਦੇ ਸਬੰਧ ਵਿਚ ਜਿਸ ਕਿਤਾਬ ਵਿਚ ਗ਼ਲਤ ਤੱਥ ਲਿਖੇ ਗਏ ਹਨ, ਉਸ ਨੂੰ ਪਾਠਕ੍ਰਮ ਤੋਂ ਹਟਾਇਆ ਜਾਵੇ ਅਤੇ ਕਿਤਾਬ 'ਤੇ ਪਾਬੰਦੀ ਲਗਾਈ ਜਾਵੇ।