ਮਹਾਰਾਸ਼ਟਰ ਦੇ 'ਸੁਪਰਕੌਪ' ਹਿਮਾਂਸ਼ੂ ਰਾਏ ਨੇ ਕੀਤੀ ਖ਼ੁਦਕੁਸ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਪਣੇ ਰਿਵਾਲਵਰ ਨਾਲ ਗੋਲੀ ਮਾਰੀ, ਬਲੱਡ ਕੈਂਸਰ ਤੋਂ ਪੀੜਤ ਸਨ, ਕਈ ਵੱਡੇ ਮਾਮਲਿਆਂ ਦੀ ਜਾਂਚ ਕੀਤੀ

Himanshu Rai

ਮੁੰਬਈ,ਮਹਾਰਾਸ਼ਟਰ ਦੇ ਆਈਪੀਐਸ ਅਧਿਕਾਰੀ ਹਿਮਾਂਸ਼ੂ ਰਾਏ ਨੇ ਅੱਜ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਦੀ ਪਛਾਣ ਬੇਹੱਦ ਸਖ਼ਤ ਅਫ਼ਸਰ ਦੀ ਸੀ। 55 ਸਾਲਾ ਰਾਏ ਲੰਮੇ ਸਮੇਂ ਤੋਂ ਬਲੱਡ ਕੈਂਸਰ ਤੋਂ ਪੀੜਤ ਸਨ। ਅੱਜ ਸਵੇਰੇ ਉਨ੍ਹਾਂ ਅਪਣੇ ਸਰਵਿਸ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਲਈ। 'ਸੁਪਰਕੌਪ' ਵਜੋਂ ਮਸ਼ਹੂਰ ਹਿਮਾਂਸ਼ੂ ਨੇ ਅਤਿਵਾਦੀ ਗਤੀਵਿਧੀਆਂ ਨਾਲ ਜੁੜੇ ਮਾਮਲਿਆਂ ਤੋਂ ਇਲਾਵਾ ਆਈਪੀਐਲ ਫ਼ਿਕਸਿੰਗ ਅਤੇ ਸੱਟੇਬਾਜ਼ੀ, ਜੇਡੇ ਮਰਡਰ, ਦਾਊਦ ਦੀ ਸੰਪਤੀ ਨੂੰ ਜ਼ਬਤ ਕਰਨ ਨਾਲ ਜੁੜੇ ਕੇਸਾਂ ਦੀ ਜਾਂਚ ਕੀਤੀ ਸੀ ਅਤੇ ਆਈਪੀਐਲ ਵਾਲੇ ਕੇਸ ਨੂੰ ਅੰਜਾਮ ਤਕ ਪਹੁੰਚਾਇਆ ਸੀ। ਉਹ 1988 ਬੈਚ ਦੇ ਆਈਪੀਐਸ ਅਧਿਕਾਰੀ ਸਨ ਅਤੇ 2016 ਤੋਂ ਛੁੱਟੀ 'ਤੇ ਸਨ। ਪਰਵਾਰ ਵਿਚ ਉਨ੍ਹਾਂ ਦੀ ਮਾਂ ਅਤੇ ਪਤਨੀ ਹੈ। ਉਨ੍ਹਾਂ ਕਈ ਵੱਡੇ ਮਾਮਲੇ ਸੁਲਝਾਏ ਸਨ। ਉਹ 26/11 ਮੁੰਬਈ ਹਮਲਿਆਂ ਤੋਂ ਪਹਿਲਾਂ ਰੇਕੀ ਕਰਨ ਵਿਚ ਸ਼ਾਮਲ ਰਹੇ ਲਸ਼ਕਰ ਦੇ ਅਤਿਵਾਦੀ ਡੇਵਿਡ ਹੈਡਲੀ ਨਾਲ ਜੁੜੇ ਸੁਰਾਗ਼ ਹਾਸਲ ਕਰਨ ਵਾਲੀ ਟੀਮ ਵਿਚ ਵੀ ਸ਼ਾਮਲ ਰਹੇ ਸਨ।

 ਸੂਤਰਾਂ ਮੁਤਾਬਕ ਘਟਨਾ ਸਮੇਂ ਘਰ ਵਿਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਸੀ। ਉਸ ਨੂੰ ਫ਼ੌਰੀ ਬੰਬੇ ਹਸਪਤਾਲ ਲਿਜਾਇਆ ਗਿਆ ਜਿਥੇ ਉਸ ਨੂੰ ਮ੍ਰਿਤਕ ਐਲਾਨ ਦਿਤਾ ਗਿਆ। ਆਈਪੀਐਲ ਫ਼ਿਕਸਿੰਗ ਕੇਸ ਵਿਚ ਉਨ੍ਹਾਂ ਮਸ਼ਹੂਰ ਅਦਾਕਾਰ ਦਾਰਾ ਸਿੰਘ ਦੇ ਬੇਟੇ ਬਿੰਦੂ ਦਾਰਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਚੇਨਈ ਸੁਪਰ ਕਿੰਗਜ਼ ਦੇ ਮਾਲਕ ਐਨ ਸ੍ਰੀਵਿਨਾਸਨ ਦੇ ਜਵਾਈ ਗੁਰੂਨਾਥ ਮਯੱਪਨ ਕੋਲੋਂ ਵੀ ਗ੍ਰਿਫ਼ਤਾਰ ਕੀਤਾ ਸੀ। ਏਟੀਐਸ ਤੋਂ ਤਬਾਦਲਾ ਹੋਣ ਮਗਰੋਂ ਉਨ੍ਹਾਂ ਕੋਈ ਨਵੀਂ ਨਿਯੁਕਤੀ ਨਹੀਂ ਲਈ। ਉਨ੍ਹਾਂ ਦੀ ਬੀਮਾਰੀ ਫੈਲਦੀ ਜਾ ਰਹੀ ਸੀ ਜਿਸ ਕਾਰਨ ਉਹ ਉਦਾਸੀ ਰੋਗ ਤੋਂ ਪੀੜਤ ਸਨ। ਫ਼ਿਲਹਾਲ ਉਨ੍ਹਾਂ ਕੋਲ ਮਹਾਰਾਸ਼ਟਰ ਪੁਲਿਸ ਵਿਚ ਏਡੀਜੀ ਰੈਂਕ ਦਾ ਅਹੁਦਾ ਸੀ। 2009 ਵਿਚ ਉਹ ਮੁੰਬਈ ਦੇ ਜੁਆਇੰਟ ਪੁਲਿਸ ਕਮਿਸ਼ਨਰ ਬਣੇ ਸਨ। (ਏਜੰਸੀ)