ਨਵਜੋਤ ਸਿੰਘ ਸਿੱਧੂ ਵਲੋਂ ਇਨਫ਼ੋਸਿਸ ਦੇ ਸਹਿ-ਬਾਨੀ ਨੰਦਨ ਨੀਲਕੇਨੀ ਨਾਲ ਮੁਲਾਕਾਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮੁਹਾਲੀ ਵਿਖੇ ਇਨਫ਼ੋਸਿਸ ਕੈਂਪਸ ਨੂੰ ਚਾਲੂ ਕਰਨ ਦਾ ਚੁੱਕਿਆ ਮੁੱਦਾ 

Navjot Singh Sidhu at Infosys

ਬੰਗਲੁਰੂ/ਚੰਡੀਗੜ੍ਹ,  ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਇਨਫ਼ੋਸਿਸ ਦੇ ਸਹਿ-ਬਾਨੀ ਸ੍ਰੀ ਨੰਦਨ ਨੀਲਕੇਨੀ ਨਾਲ ਇਕ ਉੱਚ ਪੱਧਰੀ ਮੁਲਾਕਾਤ ਦੌਰਾਨ ਪੰਜਾਬ ਦੀਆਂ ਸਮੁੱਚੀਆਂ 167 ਸ਼ਹਿਰੀ ਸਥਾਨਕ ਇਕਾਈਆਂ ਦਾ ਈ-ਗਵਰਨੈਂਸ ਰਾਹੀਂ ਮੁਹਾਂਦਰਾ ਬਦਲਣ ਲਈ ਅਹਿਮ ਵਿਚਾਰਾਂ ਕੀਤੀਆਂ। ਸ. ਸਿੱਧੂ ਨੇ ਇਸ ਮੌਕੇ ਮੁਹਾਲੀ ਵਿਖੇ ਇਨਫ਼ੋਸਿਸ ਦੇ ਕੈਂਪਸ ਨੂੰ ਚਾਲੂ ਕਰਨ ਦਾ ਮੁੱਦਾ ਵੀ ਚੁੱਕਿਆ। ਸ੍ਰੀ ਨੀਲਕੇਨੀ ਨੇ ਕਿਹਾ ਕਿ ਆਈ.ਟੀ. ਖੇਤਰ ਦੀ ਵਿਕਾਸ ਦਰ 35 ਫ਼ੀ ਸਦੀ ਤੋਂ 5 ਫ਼ੀ ਸਦੀ ਉੱਤੇ ਆ ਜਾਣ ਦੇ ਬਾਵਜੂਦ ਵੀ ਉਹ ਇਨਫ਼ੋਸਿਸ ਦੇ ਸੀ.ਈ.ਓ. ਨਾਲ ਗੱਲਬਾਤ ਕਰ ਕੇ ਇਸ ਸਬੰਧੀ ਕਾਰਵਾਈ ਯਕੀਨੀ ਬਣਾਉਣਗੇ। ਦਸਣਯੋਗ ਹੈ ਕਿ ਇਨਫ਼ੋਸਿਸ ਦਾ ਮੁਹਾਲੀ ਵਿਖੇ 55 ਏਕੜ ਰਕਬੇ ਵਿਚ ਫੈਲਿਆ ਇਕ ਕੈਂਪਸ ਹੈ ਜੋ ਕਿ ਹਾਲੇ ਤੱਕ ਚਾਲੂ ਨਹੀਂ ਹੋਇਆ। ਦੋਵਾਂ ਸ਼ਖ਼ਸੀਅਤਾਂ ਦਰਮਿਆਨ 'ਕੈਪਟਨ ਸਰਕਾਰ ਤੁਹਾਡੇ ਦੁਆਰ' ਦੇ ਸਰਕਾਰ ਵਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਸਬੰਧੀ ਅਹਿਮ ਵਿਚਾਰ ਚਰਚਾ ਹੋਈ। 
ਸ੍ਰੀ ਨੀਲਕੇਨੀ ਨੇ ਡਿਜੀਟਲ ਅਤੇ ਤਕਨੀਕੀ ਖੇਤਰ ਵਿਚਲੇ ਆਪਣੇ ਤਜਰਬੇ ਦੇ ਆਧਾਰ ਉੱਤੇ ਇਸ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ ਕਿ ਇਸ ਪ੍ਰੋਜੈਕਟ ਨੂੰ ਫਾਇਦੇਮੰਦ ਬਣਾਉਣ ਲਈ ਸਮਰੱਥਾ 'ਚ ਵਾਧਾ ਬਹੁਤ ਜ਼ਰੂਰੀ ਹੈ। ਇਸ ਮੌਕੇ ਸ. ਸਿੱਧੂ ਅਤੇ ਪੀ.ਐੱਮ.ਆਈ.ਡੀ.ਸੀ. ਦੀ ਟੀਮ ਨੇ ਸ੍ਰੀ ਨੀਲਕੇਨੀ ਨਾਲ ਹੋਈ ਵਿਸਥਾਰਿਤ ਵਿਚਾਰਚਰਚਾ ਉੱਤੇ ਪੂਰਨ ਸੰਤੁਸ਼ਟੀ ਜ਼ਾਹਿਰ ਕੀਤੀ।

ਸਥਾਨਕ ਸਰਕਾਰ ਮੰਤਰੀ ਨੇ ਅੱਗੇ ਦਸਿਆ ਕਿ ਟੀ.ਸੀ.ਐੱਸ. ਰਾਹੀਂ 500 ਆਈ.ਟੀ. ਮਾਹਿਰਾਂ ਦੀਆਂ ਸੇਵਾਵਾਂ ਸੂਬੇ ਦੀਆਂ ਸ਼ਹਿਰੀ ਸਥਾਨਕ ਇਕਾਈਆਂ ਦੀ ਸਮਰੱਥਾ ਵਧਾਉਣ ਲਈ ਲਈਆਂ ਜਾਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਹਰੇਕ ਮਿਉਂਸਿਪਲ ਕਾਰਪੋਰੇਸ਼ਨ ਨਾਲ 10, ਮੱਧਮ ਪੱਧਰ ਦੀ ਹਰੇਕ ਮਿਉਂਸਪਲ ਕੌਂਸਲ ਨਾਲ 5 ਅਤੇ ਲਘੂ ਪੱਧਰ ਦੀ ਹਰੇਕ ਮਿਉਂਸਪਲ ਕੌਂਸਲ ਅਤੇ ਨਗਰ ਪੰਚਾਇਤ ਨਾਲ 2 ਮਾਹਿਰ ਤਾਇਨਾਤ ਕੀਤੇ ਜਾਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਏ. ਵੇਣੂੰ ਪ੍ਰਸਾਦ, ਪੀ.ਐੱਮ.ਆਈ.ਡੀ.ਸੀ. ਦੇ ਸੀ.ਈ.ਓ. ਸੀ੍ਰ ਅਜੋਏ ਸ਼ਰਮਾ, ਸ. ਸਿੱਧੂ ਦੇ ਸਲਾਹਕਾਰ ਸ. ਅੰਗਦ ਸਿੰਘ ਸੋਹੀ, ਈਗਵਰਨਮੈਂਟਸ ਫਾਊਂਡੇਸ਼ਨ ਦੇ ਸੀ.ਈ.ਓ. ਸ੍ਰੀ ਵਿਰਾਜ ਤਿਆਗੀ ਅਤੇ ਈਗਵਰਨਮੈਂਟਸ ਫਾਊਂਡੇਸ਼ਨ ਦੇ ਡਾਇਰੈਕਟਰ (ਪਾਰਟਨਰਸ਼ਿਪਸ) ਸ੍ਰੀ ਭਾਰਗਵ ਈ.ਐੱਮ. ਵੀ ਮੌਜੂਦ ਸਨ।ਇਸ ਮੌਕੇ ਪੀ.ਐੱਮ.ਆਈ.ਡੀ.ਸੀ. ਦੀ ਟੀਮ ਜਿਸ ਵਿੱਚ ਸ੍ਰੀ ਅਜੋਏ ਸ਼ਰਮਾ, ਸ੍ਰੀਮਤੀ ਸਿਮਰਜੀਤ ਕੌਰ ਅਤੇ ਸ੍ਰੀ ਰਾਹੁਲ ਸ਼ਰਮਾ ਖਾਸ ਤੌਰ 'ਤੇ ਸ਼ਾਮਿਲ ਸਨ, ਦੀ ਇਸ ਪ੍ਰੋਜੈਕਟ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਸ਼ਲਾਘਾ ਵੀ ਕੀਤੀ ਗਈ।