ਡਾ. ਮਨਮੋਹਨ ਸਿੰਘ ਦੀ ਹਾਲਤ 'ਚ ਸੁਧਾਰ, ਕੋਰੋਨਾ ਵਾਇਰਸ ਤੋਂ ਪੀੜਤ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਏਮਜ਼ ਹਸਪਤਾਲ ਵਿਚ ਦਾਖ਼ਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ ਹੈ

File Photo

ਨਵੀਂ ਦਿੱਲੀ, 11 ਮਈ: ਏਮਜ਼ ਹਸਪਤਾਲ ਵਿਚ ਦਾਖ਼ਲ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਹਾਲਤ ਸਥਿਰ ਹੈ ਅਤੇ ਉਹ ਡਾਕਟਰਾਂ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਣ 'ਤੇ ਐਤਵਾਰ ਰਾਤ ਨੂੰ ਏਮਜ਼ ਵਿਚ ਦਾਖ਼ਲ ਕਰਾਇਆ ਗਿਆ ਸੀ। ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋਇਆ ਹੈ ਅਤੇ ਉਨ੍ਹਾਂ ਦੇ ਕੋਵਿਡ-19 ਦੇ ਟੈਸਟ ਦੀ ਰੀਪੋਰਟ ਨੈਗੇਟਿਵ ਆਈ ਹੈ। 87 ਸਾਲਾ ਡਾ. ਮਨਮੋਹਨ ਸਿੰਘ ਨੂੰ ਏਮਜ਼ ਦੇ ਕਾਰਡੀਉ-ਥੋਰੈਸਿਸ ਵਾਰਡ ਵਿਚ ਦਾਖ਼ਲ ਕਰਾਇਆ ਗਿਆ ਹੈ।

ਡਾਕਟਰਾਂ ਨੇ ਦਸਿਆ, 'ਨਵੀਂ ਦਵਾਈ ਲੈਣ ਮਗਰੋਂ ਰਿਐਕਸ਼ਨ ਹੋਣ ਕਾਰਨ ਉਨ੍ਹਾਂ ਨੂੰ ਬੇਚੈਨੀ ਮਹਿਸੂਸ ਹੋਈ ਸੀ ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ। ਹੋਰ ਕਾਰਨਾਂ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੀ ਜ਼ਰੂਰੀ ਦੇਖਭਾਲ ਕੀਤੀ ਜਾ ਰਹੀ ਹੈ। ਡਾ. ਮਨੋਮਹਨ ਸਿੰਘ ਇਸ ਵੇਲੇ ਰਾਜਸਥਾਨ ਤੋਂ ਰਾਜ ਸਭਾ ਮੈਂਬਰਜ ਹਨ। ਉਹ 2004 ਤੋਂ 2014 ਤਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ। ਸਾਲ 2009 ਵਿਚ ਉਨ੍ਹਾਂ ਦੀ ਏਮਜ਼ ਵਿਚ ਹੀ ਕੋਰੋਨਰੀ ਬਾਈਪਾਸ ਸਰਜਰੀ ਹੋਈ ਸੀ।  (ਏਜੰਸੀ)