ਟਿਕਟ ਕਰਨਫ਼ਰਮ ਹੋਣ ਅਤੇ ਲੱਛਣ ਨਾ ਹੋਣ 'ਤੇ ਹੀ ਯਾਤਰਾ ਦੀ ਇਜਾਜ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਯਾਤਰੀ ਰੇਲ ਸੇਵਾ ਅੱਜ ਤੋਂ ਸ਼ੁਰੂ, ਰੇਲ ਯਾਤਰਾ ਲਈ ਐਸ.ਓ.ਪੀ. ਜਾਰੀ

File Photo

ਨਵੀਂ ਦਿੱਲੀ, 11 ਮਈ: ਕੇਂਦਰੀ ਗ੍ਰਹਿ ਮੰਤਰਾਲਾ ਨੇ ਸੋਮਵਾਰ ਨੂੰ ਰੇਲ ਯਾਤਰਾ ਲਈ ਮਾਨਕ ਸੰਚਾਲਨ ਪ੍ਰਕਿਰਿਆ (ਐਸ.ਓ.ਪੀ.) ਜਾਰੀ ਕਰ ਦਿਤਾ। ਇਸ ਦੇ ਨਾਲ ਹੀ ਮੰਤਰਾਲੇ ਨੇ ਸਪੱਸ਼ਟ ਕਰ ਦਿਤਾ ਹੈ ਕਿ ਸਿਰਫ਼ ਅਜਿਹੇ ਲੋਕਾਂ ਨੂੰ ਹੀ ਸਫ਼ਰ ਕਰਨ ਦੀ ਇਜਾਜ਼ਤ ਦਿਤੀ ਜਾਵੇਗੀ ਜਿਨ੍ਹਾਂ ਕੋਲ ਕਨਫ਼ਰਮ ਟਿਕਟ ਹੋਵੇਗਾ ਅਤੇ ਜਿਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਨਹੀਂ ਹੋਣਗੇ।

ਕੇਂਦਰੀ ਗ੍ਰਹਿ ਸਕੱਤਰ ਅਜੈ ਭੱਲਾ ਨੇ ਹੁਕਮ 'ਚ ਕਿਹਾ ਕਿ ਸਾਰੇ ਯਾਤਰੀਆਂ ਲਈ ਰੇਲਵੇ ਸਟੇਸ਼ਨ 'ਚ ਦਾਖ਼ਲੇ ਅਤੇ ਯਾਤਰਾ ਦੌਰਾਨ ਮਾਸਕ ਪਹਿਨਣ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਹੁਕਮ 'ਚ ਕਿਹਾ ਗਿਆ ਹੈ ਕਿ ਰੇਲ ਮੰਤਰਾਲਾ ਇਹ ਯਕੀਨੀ ਕਰੇਗਾ ਕਿ ਸਾਰੇ ਯਾਤਰੀਆਂ ਦੀ ਲਾਜ਼ਮੀ ਰੂਪ 'ਚ ਜਾਂਚ ਕੀਤੀ ਜਾਵੇ ਅਤੇ ਕੋਰੋਨਾ ਵਾਇਰਸ ਦਾ ਕੋਈ ਲੱਛਣ ਨਾ ਹੋਣ 'ਤੇ ਹੀ ਰੇਲਗੱਡੀ 'ਚ ਚੜ੍ਹਨ ਦੀ ਇਜਾਜ਼ਤ ਦਿਤੀ ਜਾਵੇ।

ਇਸ ਤੋਂ ਇਲਾਵਾ ਨਵੀਆਂ ਹਦਾਇਤਾਂ ਅਨੁਸਾਰ ਘੱਟ ਤੋਂ ਘੱਟ ਡੇਢ ਰੇਲਵੇ ਸਟੇਸ਼ਨ ਪਹੁੰਚਣਾ ਸ਼ਾਮਲ ਹੈ ਤਾਕਿ ਸਵਾਰੀ ਦੀ ਜਾਂਚ ਹੋ ਸਕੇ। ਮੰਗਲਵਾਰ 12 ਮਈ ਤੋਂ ਯਾਤਰੀ ਰੇਲ ਗੱਡੀਆਂ 'ਚ ਸਵਾਰ ਹੋਣ ਵਾਲਿਆਂ ਨੂੰ ਰੇਲਵੇ ਪਹਿਲਾਂ ਵਾਂਗ ਚਾਦਰ, ਤੌਲੀਏ, ਆਮ ਭੋਜਨ, ਪੀਣਯੋਗ ਪਦਾਰਥ ਆਦਿ ਮੁਹਈਆ ਨਹੀਂ ਕਰਵਾਏਗਾ। ਫ਼ਿਲਹਾਲ ਯਾਤਰੀਆਂ ਨੂੰ ਸਿਰਫ਼ ਡੱਬਾਬੰਦ ਭੋਜਨ ਅਤੇ ਹੈਂਡ ਸੈਨੇਟਾਈਜ਼ਰ ਮੁਹਈਆ ਕਰਵਾਇਆ ਜਾਵੇਗਾ। ਭਾਰਤੀ ਰੇਲ ਦਾ ਕਹਿਣਾ ਹੈ ਕਿ ਸਾਰੇ ਯਾਤਰੀਆਂ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ।

ਉਧਰ ਤਾਲਾਬੰਦੀ ਦੌਰਾਨ ਵੱਧ ਤੋਂ ਵੱਧ ਪ੍ਰਵਾਸੀਆਂ ਨੂੰ ਘਰ ਪਹੁੰਚਾਉਣ ਦੀ ਕੋਸ਼ਿਸ਼ 'ਚ ਰੇਲਵੇ ਨੇ ਹੁਣ 'ਸ਼ਰਮਿਕ ਸਪੈਸ਼ਨ ਟ੍ਰੇਨ' ਗੱਡੀਆਂ 'ਚ 1200 ਦੀ ਬਜਾਏ 1700 ਯਾਤਰੀਆਂ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ ਅਤੇ ਤਿੰਨ ਥਾਵਾਂ 'ਤੇ ਇਹ ਰੇਲ ਗੱਡੀਆਂ ਰੁਕਣਗੀਆਂ।  (ਪੀਟੀਆਈ)