ਰਾਸ਼ਟਰਪਤੀ ਨੇ ਦੇਸ਼ ਦੇ ਸਾਇੰਸਦਾਨਾਂ ਦੀ ਕੀਤੀ ਸ਼ਲਾਘਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਵਿਰੁਧ ਕੌਮਾਂਤਰੀ ਲੜਾਈ

File Photo

ਨਵੀਂ ਦਿੱਲੀ, 11 ਮਈ : ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਮਹਾਮਾਰੀ ਵਿਰੁਧ ਕੌਮਾਂਤਰੀ ਲੜਾਈ 'ਚ ਮੋਹਰੀ ਮੋਰਚੇ 'ਤੇ ਕੰਮ ਕਰ ਰਹੇ ਸਾਇੰਸਦਾਨਾਂ ਦੀ ਸ਼ਲਾਘਾ ਕੀਤੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਉਹ ਦੇਸ਼ ਦਾ ਸਨਮਾਨ ਵਧਾ ਰਹੇ ਹਨ ਤੇ ਆਤਮ-ਨਿਰਭਰ ਬਣਾ ਰਹੇ ਹਨ। ਰਾਸ਼ਟਰਪਤੀ ਨੇ ਸੋਮਵਾਰ ਨੂੰ ਰਾਜਸਥਾਨ ਨੇ ਪੋਖਰਨ 'ਚ 1998 ਦੇ ਪ੍ਰਮਾਣੂ ਪ੍ਰੀਖਣਾਂ ਦੀ ਵਰ੍ਹੇਗੰਢ 'ਤੇ ਕੌਮੀ ਤਕਨੀਕ ਦਿਵਸ 'ਤੇ ਲੋਕਾਂ ਨੂੰ ਵਧਾਈਆਂ ਦਿਤੀਆਂ।

ਕੋਵਿੰਦ ਨੇ ਟਵੀਟ ਕੀਤਾ ਕਿ ਅਸੀਂ ਸਾਇੰਸ ਤੇ ਤਕਨੀਕ ਦੇ ਤਾਲਮੇਲ ਨੂੰ ਵਿਕਾਸ ਦੇ ਮੁੱਖ ਉਪਕਰਨਾਂ ਦੇ ਰੂਪ 'ਚ ਮਾਨਤਾ ਦਿੰਦੇ ਹਾਂ। ਸਾਡੇ ਵਿਗਿਆਨੀ ਤੇ ਤਕਨੀਕ ਕੋਵਿਡ-19 ਵਿਰੁਧ ਕੌਮਾਂਤਰੀ ਲੜਾਈ 'ਚ ਮੋਹਰੀ ਮੋਰਚੇ 'ਤੇ ਹਨ। ਇਸ ਮੌਕੇ ਅਸੀਂ ਦੇਸ਼ ਨੂੰ ਆਤਮ-ਨਿਰਭਰ ਬਣਾਉਣ 'ਚ ਸਾਇੰਸਦਾਨਾਂ ਦੇ ਯੋਗਦਾਨ ਦਾ ਜਸ਼ਨ ਮਨਾਉਂਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕੌਮੀ ਤਕਨੀਕ ਦਿਵਸ ਮੌਕੇ ਉਨ੍ਹਾਂ ਲੋਕਾਂ ਦੀ ਸ਼ਲਾਘਾ ਕੀਤੀ ਜੋ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਖੋਜ 'ਚ ਸੱਭ ਤੋਂ ਅੱਗੇ ਹਨ। ਉਨ੍ਹਾਂ 1998 ਦੇ ਪੋਖਰਨ ਪ੍ਰੀਖਣ ਕਰਨ ਵਾਲੇ ਦੇਸ਼ ਦੇ ਸਾਇੰਸਦਾਨਾਂ ਦੀ ਅਸਾਧਾਰਨ ਉਪਲਬਧੀ ਨੂੰ ਵੀ ਯਾਦ ਕੀਤਾ।

ਮੋਦੀ ਨੇ ਇਕ ਟਵੀਟ 'ਚ ਕਿਹਾ ਕਿ ਕੌਮੀ ਤਕਨੀਕ ਦਿਵਸ 'ਤੇ ਸਾਡੇ ਦੇਸ਼ ਉਨ੍ਹਾਂ ਸਾਰਿਆਂ ਨੂੰ ਸਲਾਮ ਕਰਦਾ ਹੈ ਜੋ ਦੂਜਿਆਂ ਦੇ ਜੀਵਨ 'ਚ ਹਾਂ-ਪੱਖੀ ਫ਼ਰਕ ਲਿਆਉਣ ਲਈ ਤਕਨੀਕ ਦੀ ਵਰਤੋਂ ਕਰ ਰਹੇ ਹਨ। ਅਸੀਂ 1998 'ਚ ਇਸ ਦਿਨ ਅਪਣੇ ਸਾਇੰਸਦਾਨਾਂ ਦੀ ਅਸਾਧਾਰਨ ਉਪਲਬਧੀ ਨੂੰ ਯਾਦ ਕਰਦੇ ਹਾਂ। ਇਹ ਭਾਰਤ ਦੇ ਇਤਿਹਾਸ 'ਚ ਜ਼ਿਕਰਯੋਗ ਪਲ ਸੀ।

ਪ੍ਰਧਾਨ ਮੰਤਰੀ ਨੇ ਕਿਹਾ, 'ਅੱਜ ਦੁਨੀਆਂ ਨੂੰ ਕੋਵਿਡ-19 ਤੋਂ ਮੁਕਤ ਬਣਾਉਣ ਦੀਆਂ ਕੋਸ਼ਿਸ਼ਾਂ 'ਚ ਤਕਨੀਕ ਕਈ ਤਰ੍ਹਾਂ ਨਾਲ ਮਦਦ ਕਰ ਰਹੀ ਹੈ। ਮੈਂ ਕੋਰੋਨਾ ਵਾਇਰਸ ਨੂੰ ਹਰਾਉਣ ਦੇ ਤਰੀਕਿਆਂ 'ਤੇ ਖੋਜ ਕਰਨ ਵਾਲੇ ਸਾਰੇ ਲੋਕਾਂ ਨੂੰ ਸਲਾਮ ਕਰਦਾ ਹਾਂ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਮਨੁੱਖ ਜਾਤੀ ਇਕ ਸਿਹਤਮੰਦ ਤੇ ਬਿਹਤਰ ਗ੍ਰਹਿ ਬਣਾਉਣ ਲਈ ਤਕਨੀਕ ਦੀ ਵਰਤੋਂ ਕਰੇਗੀ।  (ਪੀਟੀਆਈ)