ਕੋਰੋਨਾ ਦੇ ਮਾਮਲੇ ਘਟਣ ਨਾਲ ਹੀ ਕੇਂਦਰ ਨੇ ਸਖ਼ਤੀ ਵੀ ਘਟਾਈ
ਹੁਣ ਇਕ ਸੂਬੇ ਤੋਂ ਦੂਜੇ ਸੂਬੇ ਵਿਚ ਜਾਣ ਲਈ ਆਰਟੀ-ਪੀਸੀਆਰ ਟੈਸਟ ਜ਼ਰੂਰੀ ਨਹੀਂ
ਨਵੀਂ ਦਿੱਲੀ : ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਦੇਸ਼ ਦੇ 18 ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਨਵੇਂ ਮਾਮਲੇ ਘੱਟ ਹੋ ਰਹੇ ਹਨ। ਇਸ ਕਾਰਨ ਕੇਂਦਰ ਸਰਕਾਰ ਨੇ ਨਿਯਮਾਂ ਵਿਚ ਢਿੱਲ ਦੇਣਾ ਸ਼ੁਰੂ ਕਰ ਦਿਤਾ ਹੈ। ਸਰਕਾਰ ਨੇ ਮੰਗਲਵਾਰ ਨੂੰ ਟੈਸਟਿੰਗ ਨਾਲ ਜੁੜੀਆਂ ਸ਼ਰਤਾਂ ਵਿਚ ਕੁੱਝ ਬਦਲਾਅ ਕੀਤੇ। ਇਸਦੇ ਅਨੁਸਾਰ, ਹੁਣ ਇਕ ਰਾਜ ਤੋਂ ਦੂਜੇ ਰਾਜ ਵਿਚ ਜਾਣ ਤੋਂ ਪਹਿਲਾਂ ਆਰਟੀ-ਪੀਸੀਆਰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ।
ਮਾਮਲੇ ਵਧਣ ਕਾਰਨ ਕਈ ਰਾਜਾਂ ਨੇ ਅਪਣੇ ਇਥੇ ਆਉਣ ਲਈ ਕੋਰੋਨਾ ਦੀ ਨੈਗੇਟਿਵ ਰੀਪੋਰਟ ਜ਼ਰੂਰੀ ਕਰ ਦਿਤੀ ਸੀ। ਇਸ ਤੋਂ ਇਲਾਵਾ, ਨਵੇਂ ਦਿਸ਼ਾ ਨਿਰਦੇਸ਼ਾਂ ਮੁਤਾਬਕ ਜੇਕਰ ਮਰੀਜ਼ ਨੂੰ 5 ਦਿਨਾਂ ਤੋਂ ਬੁਖ਼ਾਰ ਨਹੀਂ ਹੈ, ਤਾਂ ਉਸ ਨੂੰ ਹਸਪਤਾਲ ਤੋਂ ਛੁੱਟੀ ਦੇਣ ਤੋਂ ਪਹਿਲਾਂ ਵੀ ਆਰ ਟੀ-ਪੀਸੀਆਰ ਟੈਸਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਏਗੀ।
ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਕਿਹਾ ਕਿ ਦੇਸ਼ ’ਚ ਕੋਵਿਡ 19 ਦੇ ਨਵੇਂ ਮਾਮਲਿਆ ਅਤੇ ਲਾਗ ਨਾਲ ਹੋਣ ਵਾਲੀਆਂ ਮੌਤਾਂ ਵਿਚ ਕਮੀ ਆਉਣ ਦਾ ਸ਼ੁਰੂਆਤੀ ਰੁਝਾਨ ਦਿਖਣ ਲੱਗਾ ਹੈ ਜੋ ਸੰਕੇਤ ਹੈ ਕਿ ਮਹਾਂਮਾਰੀ ਦੀ ਖ਼ਤਰਨਾਕ ਦੂਸਰੀ ਲਹਿਰ ਹੌਲੀ-ਹੌਲੀ ਘੱਟਦੀ ਜਾ ਰਹੀ ਹੈ। ਸਰਕਾਰ ਮੁਤਾਬਕ, ਮਹਾਰਾਸ਼ਟਰ, ਉਤਰ ਪ੍ਰਦੇਸ਼, ਦਿੱਲੀ ਅਤੇ ਛੱਤੀਸਗੜ੍ਹ ਉਨ੍ਹਾਂ 18 ਸੂਬਿਆਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਵਿਚ ਸ਼ਾਮਲ ਹਨ ਜਿਥੇ ਕੋਵਿਡ 19 ਦੇ ਰੋਜ਼ਾਨਾ ਆ ਰਹੇ ਨਵੇਂ ਮਾਮਲਿਆਂ ਵਿਚ ਕਮੀ ਆ ਰਹੀ ਹੈ।
ਸਰਕਾਰ ਨੇ ਦਸਿਆ ਕਿ 13 ਸੂਬੇ ਅਜਿਹੇ ਹਨ ਜਿਥੇ ਕੋਵਿਡ 19 ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਇਕ-ਇਕ ਲੱਖ ਤੋਂ ਵੱਧ ਹੈ ਅਤੇ 26 ਸੂਬੇ ਅਜਿਹੇ ਹਨ ਜਿਥੇ ਲਾਗ ਦੀ ਦਰ 15 ਫ਼ੀ ਸਦੀ ਤੋਂ ਜ਼ਿਆਦਾ ਹੈ। ਦੇਸ਼ ’ਚ ਪਿਛਲੇ 24 ਘੰਟਿਆਂ ਦੌਰਾਨ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਿਚ 30,016 ਦੀ ਕਮੀ ਆਈ ਹੈ, ਜਿਸ ਦੇ ਬਾਅਦ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਨੂੰ ਘੱਟ ਕੇ 37,15,221 ਹੋ ਗਈ ਹੈ। ਮੰਤਰਾਲੇ ਨੇ ਕਿਹਾ ਕਿ ਪਿਛਲੇ 2 ਮਹੀਨਿਆਂ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਲਾਗ ਮੁਕਤ ਹੋਏ ਲੋਕਾਂ ਦੀ ਗਿਣਤੀ ਨਵੇਂ ਮਰੀਜ਼ਾਂ ਦੀ ਗਿਣਤੀ ਤੋਂ ਵੱਧ ਰਹੀ ਹੈ।