ਭਾਰਤ ਬਾਇਓਟੈਕ ਨੇ ‘ਕੋਵੈਕਸੀਨ’ਦੀ ਸਪਲਾਈ ਤੋਂ ਕੀਤਾ ਇਨਕਾਰ, 100 ਕੇਂਦਰ ਬੰਦ 

ਏਜੰਸੀ

ਖ਼ਬਰਾਂ, ਰਾਸ਼ਟਰੀ

ਦਿੱਲੀ 'ਚ ਹੁਣ 17 ਸਕੂਲਾਂ ’ਚ ਬਣਾਏ ਗਏ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ, ਜਿੱਥੇ ਕੋਵੈਕਸੀਨ ਦਾ ਟੀਕਾ ਲਾਇਆ ਜਾ ਰਿਹਾ ਸੀ।

Manish Sisodia

ਨਵੀਂ ਦਿੱਲੀ - ਦਿੱਲੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਤੇ ਆਕਸੀਜਨ ਦੀ ਘਾਟ ਦੇ ਨਾਲ-ਨਾਲ ਵੈਕਸੀਨ ਸਟਾਕ ਵਿਚ ਵੀ ਕਮੀ ਦੇਖਣ ਨੂੰ ਮਿਲੀ ਹੈ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਯਾਨੀ ਕਿ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਵਿਚ ‘ਕੋਵੈਕਸੀਨ’ ਦੀ ਸਪਲਾਈ ਤੋਂ ਇਨਕਾਰ ਕਰ ਦਿੱਤਾ ਹੈ।

ਹਾਲਾਤ ਅਜਿਹੇ ਬਣ ਗਏ ਹਨ ਕਿ ਹੁਣ 17 ਸਕੂਲਾਂ ’ਚ ਬਣਾਏ ਗਏ ਕਰੀਬ 100 ਟੀਕਾਕਰਨ ਕੇਂਦਰਾਂ ਨੂੰ ਬੰਦ ਕਰਨਾ ਪਿਆ, ਜਿੱਥੇ ਕੋਵੈਕਸੀਨ ਦਾ ਟੀਕਾ ਲਾਇਆ ਜਾ ਰਿਹਾ ਸੀ। ਸਿਸੋਦੀਆ ਨੇ ਕਿਹਾ ਕਿ ਭਾਰਤ ਬਾਇਓਟੈਕ ਨੇ ਦਿੱਲੀ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਉਹ ਰਾਸ਼ਟਰੀ ਰਾਜਧਾਨੀ ਨੂੰ ਕੋਵੈਕਸੀਨ ਦੀਆਂ ਵਾਧੂ ਖ਼ੁਰਾਕਾਂ ਨਹੀਂ ਦੇ ਸਕਦਾ। ਕੋਵੈਕਸੀਨ ਦੇ ਨਿਰਮਾਤਾ ਨੇ ਇਕ ਚਿੱਠੀ ਵਿਚ ਕਿਹਾ ਕਿ ਉਹ ਦਿੱਲੀ ਸਰਕਾਰ ਨੂੰ ਸਬੰਧਤ ਸਰਕਾਰੀ ਅਧਿਕਾਰੀ ਦੇ ਨਿਰਦੇਸ਼ ਤਹਿਤ ਖ਼ੁਰਾਕਾਂ ਉਪਲੱਬਧ ਨਹੀਂ ਕਰਵਾ ਸਕਦਾ।

ਸਿਸੋਦੀਆ ਨੇ ਕਿਹਾ ਕਿ ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਟੀਕੇ ਦੀ ਸਪਲਾਈ ਨੂੰ ਕੰਟਰੋਲ ਕਰ ਰਹੀ ਹੈ। ਚਿੱਠੀ ਤੋਂ ਸਾਫ਼ ਹੈ ਕਿ ਕੇਂਦਰ ਹੀ ਇਹ ਫ਼ੈਸਲਾ ਕਰਦੀ ਹੈ ਕਿ ਕਿਸ ਸੂਬੇ ਨੂੰ ਟੀਕੇ ਦੀ ਕਿੰਨੀ ਖ਼ੁਰਾਕ ਮਿਲੇਗੀ। ਸਿਸੋਦੀਆ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਬੇਨਤੀ ਕਰਦੇ ਹਾਂ ਕਿ ਸਥਿਤੀ ਦੀ ਗੰਭੀਰਤਾ ਨੂੰ ਸਮਝਿਆ ਜਾਵੇ ਅਤੇ ਟੀਕਿਆਂ ਦਾ ਨਿਰਯਾਤ ਬੰਦ ਨਾ ਕਰੇ ਅਤੇ ਟੀਕੇ ਦਾ ਫਾਰਮੂਲਾ ਹੋਰ ਕੰਪਨੀਆਂ ਨਾਲ ਵੀ ਸਾਂਝਾ ਕੀਤਾ ਜਾਵੇ।

ਸਿਸੋਦੀਆ ਨੇ ਕਿਹਾ ਕਿ ਵੈਕਸੀਨ ਉਪਲੱਬਧ ਨਹੀਂ ਕਰਵਾਈ ਗਈ ਤਾਂ ਤੀਜੀ ਲਹਿਰ ਵਿਚ ਵੀ ਲੋਕ ਮਰਦੇ ਰਹਿਣਗੇ। ਇਹ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਕੌਮਾਂਤਰੀ ਬਜ਼ਾਰ ਵਿਚ ਜਿੱਥੋਂ ਵੀ ਵੈਕਸੀਨ ਮਿਲੇ, ਉੱਥੋਂ ਲੈ ਕੇ ਸੂਬਾਈ ਸਰਕਾਰਾਂ ਨੂੰ ਉਪਲੱਬਧ ਕਰਵਾਈ ਜਾਵੇ। ਦੱਸ ਦਈਏ ਕਿ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿਚ ਵੈਕਸੀਨ ਦੀ ਘਾਟ ਦੀਆਂ ਖ਼ਬਰਾਂ ਸਾਹਮਣੇ ਆ ਰਹੀਆ ਹਨ।