2-18 ਸਾਲ ਦੇ ਬੱਚਿਆਂ ਲਈ ਭਾਰਤ Biotech ਸ਼ੁਰੂ ਕਰੇਗੀ ਵੈਕਸੀਨ ਟ੍ਰਾਇਲ, ਮਿਲੀ ਮਨਜ਼ੂਰੀ  

ਏਜੰਸੀ

ਖ਼ਬਰਾਂ, ਰਾਸ਼ਟਰੀ

ਮਾਹਿਰਾਂ ਦੀ ਕਮੇਟੀ ਨੇ ਮੰਗਲਵਾਰ ਨੂੰ ਟਰਾਇਲ ਸ਼ੁਰੂ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

File Photo

ਨਵੀਂ ਦਿੱਲੀ : ਕੋਰੋਨਾ ਦਾ ਕਹਿਰ ਜਾਰੀ ਹੈ ਤੇ ਇਸ ਵਿਚਕਾਰ ਭਾਰਤ ਬਾਇਓਟੈੱਕ ਆਪਣੀ ਕੋਰੋਨਾ ਰੋਕੂ ਵੈਕਸੀਨ ਕੋਵੈਕਸੀਨ ਦਾ 2 ਤੋਂ 18 ਸਾਲ ਦੇ ਬੱਚਿਆਂ 'ਤੇ ਜਲਦ ਹੀ ਦੂਜੇ ਤੇ ਤੀਜੇ ਪੜਾਅ ਦਾ ਕਲੀਨਿਕਲ ਟਰਾਇਲ ਸ਼ੁਰੂ ਕਰੇਗੀ। ਮਾਹਿਰਾਂ ਦੀ ਕਮੇਟੀ ਨੇ ਮੰਗਲਵਾਰ ਨੂੰ ਟਰਾਇਲ ਸ਼ੁਰੂ ਕਰਨ ਲਈ ਆਪਣੀ ਮਨਜ਼ੂਰੀ ਦੇ ਦਿੱਤੀ। ਅਧਿਕਾਰਤ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ।

ਦਿੱਲੀ ਤੇ ਪਟਨਾ ਦੇ ਏਮਜ਼ ਤੇ ਨਾਗਪੁਰ ਸਥਿਤੀ ਮੈਡੀਟ੍ਰਿਨਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਸਮੇਤ ਦੇਸ਼ ਦੇ ਵੱਖ-ਵੱਖ ਕੇਂਦਰਾਂ 'ਤੇ 525 ਵਲੰਟੀਅਰਜ਼ ਉੱਪਰ ਇਹ ਟਰਾਇਲ ਕੀਤਾ ਜਾਵੇਗਾ। ਹੈਦਰਾਬਾਦ ਸਥਿਤ ਬਾਇਓਟੈੱਕ ਨੇ 2 ਤੋਂ 18 ਸਾਲ ਦੇ ਬੱਚਿਆਂ 'ਤੇ ਕੋਵੈਕਸੀਨ ਦੀ ਸੁਰੱਖਿਆ ਤੇ ਪ੍ਰਤੀਰੱਖਿਆ ਦਾ ਮੁਲਾਂਕਣ ਕਰਨ ਦੀ ਇਜਾਜ਼ਤ ਮੰਗੀ ਸੀ।

ਕੋਰੋਨਾ 'ਤੇ ਗਠਿਤ ਕੇਂਦਰੀ ਨਸ਼ੀਲੇ ਪਦਾਰਥ ਕੰਟਰੋਲ ਸੰਗਠਨ ਦੀ ਵਿਸ਼ੇਸ਼ ਮਾਹਿਰ ਕਮੇਟੀ ਨੇ ਮੰਗਲਵਾਰ ਨੂੰ ਭਾਰਤ ਬਾਇਓਟੈੱਕ ਦੀ ਐਪਲੀਕੇਸ਼ਨ 'ਤੇ ਵੱਡੇ ਪੱਧਰ 'ਤੇ ਗੱਲਬਾਤ ਕਰਨ ਤੋਂ ਬਾਅਦ ਇਸ ਟਰਾਇਲ ਨੂੰ ਮਨਜ਼ੂਰੀ ਦਿੱਤੀ। ਐੱਸਈਸੀ (SEC) ਨੇ ਦੂਜੇ ਤੇ ਤੀਜੇ ਪੜਾਅ ਦੇ ਟਰਾਇਲ ਦੀ ਸਿਫ਼ਾਰਿਸ਼ ਕਰਦਿਆਂ ਇਹ ਸ਼ਰਤ ਵੀ ਰੱਖੀ ਹੈ ਕਿ ਭਾਰਤ ਬਾਇਓਟੈੱਕ ਤੀਜੇ ਪੜਾਅ ਦਾ ਕਲੀਨਿਕਲ ਟਰਾਇਲ ਸ਼ੁਰੂ ਕਰਨ ਤੋਂ ਪਹਿਲਾਂ ਦੂਜੇ ਪੜਾਅ ਦੀ ਸੁਰੱਖਿਆ ਸਬੰਧੀ ਅੰਤਰਿਮ ਡਾਟਾ ਸੀਡੀਐੱਸਸੀਓ (CDSCO) ਨੂੰ ਮੁਹੱਈਆ ਕਰਵਾਏਗੀ।