5-ਜੀ ਅਤੇ ਕੋਰੋਨਾ ਵਾਇਰਸ ਦੀ ਲਾਗ ਵਿਚਕਾਰ ਕੋਈ ਸਬੰਧ ਨਹੀਂ : ਡੀ.ਓ.ਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਟਾਵਰ ਵਿਚੋਂ ਨਾਨ-ਆਓਨਾਈਜਿੰਗ ਰੇਡੀਉ ਫ੍ਰੀਕੁਐਂਸੀਜ਼ ਨਿਕਲਦੀ ਹੈ, ਜੋ ਕਿ ਬਹੁਤ ਕਮਜ਼ੋਰ ਹੁੰਦੀ ਹੈ

No link between 5G and corona virus infection: DOT

ਨਵੀਂ ਦਿੱਲੀ : ਸ਼ੋਸ਼ਲ ਮੀਡੀਆ ’ਤੇ ਕਈ ਗੁੰਮਰਾਹਕੁਨ ਸੰਦੇਸ਼ ਫੈਲਾਏ ਜਾ ਰਹੇ ਹਨ, ਜਿਨ੍ਹਾਂ ਵਿਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ 5 ਜੀ ਮੋਬਾਈਲ ਟਾਵਰਾਂ ਦੀ ਟੈਸਟਿੰਗ ਕਾਰਨ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਪੈਦਾ ਹੋਈ ਹੈ। ਅਫ਼ਵਾਹਾਂ ਕਾਰਨ ਦੂਰ ਸੰਚਾਰ ਟਾਵਰਾਂ ਨੂੰ ਵੀ ਨਿਸਾਨਾ ਬਣਾਇਆ ਜਾ ਰਿਹਾ ਹੈ। ਹੁਣ ਦੂਰਸੰਚਾਰ ਵਿਭਾਗ (ਡੀ.ਓ.ਟੀ.) ਨੇ ਇਕ ਪ੍ਰੈਸ ਬਿਆਨ ਵਿਚ ਕਿਹਾ ਹੈ ਕਿ ਇਹ ਸੰਦੇਸ਼ ਝੂਠੇ ਹਨ।  

ਪ੍ਰੈਸ ਬਿਆਨ ਵਿਚ ਦਸਿਆ ਗਿਆ ਹੈ ਕਿ ਆਮ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 5 ਜੀ ਟੈਕਨਾਲੋਜੀ ਅਤੇ ਕੋਵਿਡ -19 ਦੇ ਫੈਲਣ ਵਿਚਕਾਰ ਕੋਈ ਸਬੰਧ ਨਹੀਂ ਹੈ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਵਿਚ ਗ਼ਲਤ ਜਾਣਕਾਰੀ ਅਤੇ ਅਫ਼ਵਾਹਾਂ ਕਾਰਨ ਉਲਝਣ ਵਿਚ ਨਾ ਪੈਣ। ਅੱਗੇ ਦਸਿਆ ਗਿਆ ਹੈ ਕਿ 5 ਜੀ ਤਕਨਾਲੋਜੀ ਨੂੰ ਕੋਵਿਡ -19 ਮਹਾਂਮਾਰੀ ਨਾਲ ਜੋੜਨ ਦੇ ਦਾਅਵੇ ਝੂਠੇ ਹਨ ਅਤੇ ਇਨ੍ਹਾਂ ਦਾ ਕੋਈ ਵਿਗਿਆਨਕ ਅਧਾਰ ਨਹੀਂ ਹੈ।

ਪ੍ਰੈਸ ਬਿਆਨ ਵਿਚ ਦਸਿਆ ਗਿਆ ਹੈ ਕਿ 5 ਜੀ ਨੈੱਟਵਰਕ ਦੀ ਟੈਸਟਿੰਗ ਅਜੇ ਭਾਰਤ ਵਿਚ ਕਿਤੇ ਵੀ ਸ਼ੁਰੂ ਨਹੀਂ ਹੋਈ ਹੈ। ਅਜਿਹੀ ਸਥਿਤੀ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਭਾਰਤ ਵਿਚ 5 ਜੀ ਟਰਾਇਲ ਜਾਂ ਨੈਟਵਰਕ ਕੋਰੋਨਾ ਵਾਇਰਸ ਪੈਦਾ ਕਰ ਰਹੇ ਹਨ ਇਹ ਬੇਬੁਨਿਆਦ ਅਤੇ ਗ਼ਲਤ ਹਨ। ਪ੍ਰੈੱਸ ਬਿਆਨ ਵਿਚ ਕਿਹਾ ਗਿਆ ਹੈ ਕਿ ਮੋਬਾਈਲ ਟਾਵਰ ਵਿਚੋਂ ਨਾਨ-ਆਓਨਾਈਜਿੰਗ ਰੇਡੀਉ ਫ੍ਰੀਕੁਐਂਸੀਜ਼ ਨਿਕਲਦੀ ਹੈ, ਜੋ ਕਿ ਬਹੁਤ ਕਮਜ਼ੋਰ ਹੁੰਦੀ ਹੈ ਅਤੇ ਮਨੁੱਖਾਂ ਸਮੇਤ ਕਿਸੇ ਵੀ ਜੀਵਿਤ ਸੈੱਲ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਹੈ।

ਦੂਰਸੰਚਾਰ ਵਿਭਾਗ ਨੇ ਰੇਡੀਉ ਬਾਰੰਬਾਰਤਾ ਵਾਲੇ ਖੇਤਰਾਂ ਦੇ ਐਕਸਪੋਜਰ ਸੀਮਾ ਦੇ ਮਾਪਦੰਡ ਨਿਰਧਾਰਤ ਕੀਤੇ ਹਨ, ਜੋ ਕਿ ਅੰਤਰ-ਰਾਸਟਰੀ ਕਮਿਸਨ ਆਨ ਨਾਨ-ਆਇਓਨਾਈਜਿੰਗ ਰੇਡੀਏਸਨ ਪ੍ਰੋਟੈਕਸਨ (ਆਈ.ਸੀ.ਐਨ.ਆਈ.ਆਰ. ਪੀ) ਅਤੇ ਵਿਸਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੁਆਰਾ ਨਿਰਧਾਰਤ ਸੁਰੱਖਿਅਤ ਸੀਮਾਵਾਂ ਨਾਲੋਂ ਲਗਭਗ 10 ਗੁਣਾ ਵਧੇਰੇ ਸਖ਼ਤ ਹਨ। ਵਿਸ਼ਵ ਸਿਹਤ ਸੰਗਠਨ ਨੇ ਵੀ ਸਫ਼ਾਈ ਦਿਤੀ ਹੈ ਕਿ ਵਾਇਰਸ ਰੇਡਿਉ ਤਰੰਗਾਂ/ਮੋਬਾਈਲ ਨੈੱਟਵਰਕ ਜ਼ਰੀਏ ਨਹੀਂ ਫੈਲ ਸਕਦਾ ਹੈ।