ਪਾਣੀ ’ਚ ਫਸੇ ਚਾਰ ਮਾਸੂਮ, ਲੋਕਾਂ ਨੇ ਮੁਸ਼ਕਲ ਨਾਲ ਬਚਾਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹਿਮਾਚਲ ਪ੍ਰਦੇਸ਼ ਦੇ ਚੰਬਾ ’ਚ ਇਕ ਖੱਡ ਨੂੰ ਪਾਰ ਕਰਦੇ ਸਮੇਂ 4 ਬੱਚੇ ਮੁਸ਼ਕਲ ਵਿਚ ਫਸ ਗਏ

File Photo

ਚੰਬਾ, 11 ਜੂਨ : ਹਿਮਾਚਲ ਪ੍ਰਦੇਸ਼ ਦੇ ਚੰਬਾ ’ਚ ਇਕ ਖੱਡ ਨੂੰ ਪਾਰ ਕਰਦੇ ਸਮੇਂ 4 ਬੱਚੇ ਮੁਸ਼ਕਲ ਵਿਚ ਫਸ ਗਏ। ਦਰਅਸਲ ਚੰਬਾ ਜ਼ਿਲ੍ਹੇ ਦੇ ਭਟੀਆਤ ਇਲਾਕੇ ਵਿਚ ਘਰ ਪਰਤ ਰਹੇ ਬੱਚੇ ਅਚਾਨਕ ਨਦੀ ਦਾ ਪਾਣੀ ਵੱਧਣ ਕਰਨ ਖੱਡ ਦੇ ਵਿਚਾਲੇ ਫਸ ਗਏ। ਪਿੰਡ ਵਾਸੀਆਂ ਦੀ ਮਦਦ ਨਾਲ ਚਾਰਾਂ ਬੱਚਿਆਂ ਨੂੰ ਸੁਰੱਖਿਅਤ ਕਢਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਭਟੀਆਤ ਜ਼ਿਲ੍ਹੇ ਦੇ 4 ਬੱਚੇ ਨਾਨਕੇ ਤੋਂ ਘਰ ਪਰਤ ਰਹੇ ਸਨ। ਚਾਰੇ ਬੱਚੇ ਇਕੋ ਪਰਵਾਰ ਦੇ ਹਨ। ਸਥਾਨਕ ਲੋਕਾਂ ਮੁਤਾਬਕ ਚਾਰੇ ਬੱਚੇ ਹੋਬਾਰੜੀ ਖੱਡ ਦੀ ਨਦੀ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਪਰ ਅਚਾਨਕ ਪਾਣੀ ਦਾ ਪੱਧਰ ਵੱਧਣ ਕਾਰਨ ਉਹ ਫਸ ਗਏ।

ਇਕ ਬੱਚਾ ਪਾਣੀ ਦੀ ਧਾਰ ਨਾਲ ਵਹਿ ਕੇ ਦੂਰ ਤਕ ਚਲਾ ਗਿਆ ਪਰ ਚੰਗੀ ਗੱਲ ਇਹ ਰਹੀ ਕਿ ਪਾਣੀ ਦੇ ਵਹਾਅ ਨੇ ਉਸ ਨੂੰ ਕਿਨਾਰੇ ’ਤੇ ਲਾ ਦਿਤਾ ਅਤੇ ਉਸ ਦੀ ਜਾਨ ਬਚ ਗਈ। ਦੋ ਬੱਚੇ ਪਾਣੀ ਦਾ ਵਹਾਅ ਵਧਦਾ ਦੇਖ ਕੇ ਦੌੜ ਕੇ ਕਿਨਾਰੇ ’ਤੇ ਪਹੁੰਚ ਗਏ ਅਤੇ ਕਿਸੇ ਤਰ੍ਹਾਂ ਬਚ ਗਏ ਪਰ ਇਕ ਬੱਚਾ ਖੱਡ ਦੇ ਵਿਚੋਂ-ਵਿਚ ਫਸ ਗਿਆ। ਪਾਣੀ ਦਾ ਪੱਧਰ ਵਧਦਾ ਦੇਖ ਕੇ ਉਸ ਨੇ ਪੱਥਰ ਨੂੰ ਜ਼ੋਰ ਨਾਲ ਫੜ ਲਿਆ।  ਸਥਾਨਕ ਲੋਕਾਂ ਨੇ ਬੱਚਿਆਂ ਨੂੰ ਸੁਰੱਖਿਅਤ ਕੱਢਣ ਤੋਂ ਬਾਅਦ ਹਸਪਤਾਲ ਵਿਚ ਭਰਤੀ ਕਰਵਾਇਆ, ਜਿਥੇ ਡਾਕਟਰਾਂ ਨੇ ਉਨ੍ਹਾਂ ਬੱਚਿਆਂ ਦੀ ਜਾਂਚ ਕੀਤੀ ਅਤੇ ਸਿਹਤਮੰਦ ਹੋਣ ’ਤੇ ਘਰ ਭੇਜ ਦਿਤਾ। (ਏਜੰਸੀ)