ਲਸ਼ਕਰ ਦੇ ਅਤਿਵਾਦੀਆਂ ਦੇ ਸਾਥੀ ਗ੍ਰਿਫ਼ਤਾਰ, ਨਸ਼ੀਲੀਆਂ ਦਵਾਈਆਂ ਦਾ ਧੰਦਾ ਬੇਨਕਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਲਸ਼ਕਰ ਏ ਤੋਇਬਾ ਦੇ ਅਤਿਵਾਦੀਆਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਨਸ਼ੀਲੀਆਂ ਦਵਾਈਆਂ

File Photo

ਸ੍ਰੀਨਗਰ, 11 ਜੂਨ : ਪੁਲਿਸ ਨੇ ਲਸ਼ਕਰ ਏ ਤੋਇਬਾ ਦੇ ਅਤਿਵਾਦੀਆਂ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਕੇ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਨਸ਼ੀਲੀਆਂ ਦਵਾਈਆਂ ਦੇ ਅਤਿਵਾਦੀ ਮਾਡਿਊਲ ਦਾ ਪਰਦਾ ਫ਼ਾਸ਼ ਕਰਨ ਦਾ ਦਾਅਵਾ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਇਲਾਕੇ ਤੋਂ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ 21 ਕਿਲੋਗ੍ਰਾਮ ਹੈਰੋਇਨ ਅਤੇ 1.34 ਕਰੋੜ ਰੁਪਏ ਨਕਦ ਰਕਮ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਦਸਿਆ ਕਿ ਉਸ ਨੇ ਅਤਿਵਾਦੀਆਂ ਦੁਆਰਾ ਚਲਾਏ ਜਾਂਦੇ ਨਸ਼ੀਲੀ ਦਵਾਈਆਂ ਦੇ ਗੋਰਖਧੰਦੇ ਦਾ ਪਰਦਾ ਫ਼ਾਸ਼ ਕੀਤਾ ਹੈ ਅਤੇ ਲਸ਼ਕਰ ਤੋਇਬਾ ਨਾਲ ਸਬੰਧਤ ਅਤਿਵਾਦੀਆਂ ਦੇ ਤਿੰਨ ਸਾਥੀ ਗ੍ਰਿਫ਼ਤਾਰ ਕੀਤੇ ਹਨ

ਜਿਨ੍ਹਾਂ ਦੀ ਪਛਾਣ ਅਬਦੁਲ ਮੂਮੀਨ ਪੀਰ, ਇਸਲਾਮ ਉਲ ਹੱਕ ਅਤੇ ਸਇਅਦ ਇਫ਼ਤਿਖਾਰ ਇੰਦਰਾਬੀ ਵਜੋਂ ਹੋਈ ਹੈ। ਇਹ ਸਾਰੇ ਹੰਦਵਾੜਾ ਦੇ ਰਹਿਣ ਵਾਲੇ ਹਨ।  ਉਨ੍ਹਾਂ ਦਸਿਆ ਕਿ ਤਿੰਨਾਂ ਕੋਲੋਂ ਉੱਚ ਮਿਆਰ ਵਾਲੀ 21 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ ਲਗਭਗ 100 ਕਰੋੜ ਰੁਪਏ ਹੈ। ਨਾਲ ਹੀ ਉਸ ਕੋਲੋਂ 1.34 ਕਰੋੜ ਰੁਪਏ ਨਕਦ ਅਤੇ ਨਕਦੀ ਗਿਣਨ ਵਾਲੀ ਮਸ਼ੀਨ ਬਰਾਮਦ ਕੀਤੀ ਗਈ ਹੈ। ਅਧਿਕਾਰੀਆਂ ਨੇ ਦਸਿਆ ਕਿ ਮਾਡਿਊਲ ਦੇ ਹੋਰ ਮੈਂਬਰਾਂ ਦੀ ਵੀ ਪਛਾਣ ਕਰ ਲਈ ਗਈ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।     (ਏਜੰਸੀ)