ਕਿਸਾਨਾਂ ਨੂੰ ਵੱਡਾ ਝਟਕਾ, ਫਸਲਾਂ ਦਾ ਸਮਰਥਨ ਮੁੱਲ ਮਿਲਣਾ ਔਖਾ! 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵੱਧ MSP ਨਾਲ ਅਰਥ ਵਿਵਸਥਾ ਨੂੰ ਨੁਕਸਾਨ - ਨਿਤਿਨ ਗਡਕਰੀ

Nitin Gadkari

ਨਵੀਂ ਦਿੱਲੀ: ਬੀਤੇ ਦਿਨੀਂ ਕੇਂਦਰ ਵੱਲੋਂ ਵਧਾਏ ਫਸਲਾਂ ਦੇ ਸਮਰਥਨ ਮੁੱਲ ਨੂੰ ਜਿੱਥੇ ਕਿਸਾਨਾਂ ਨੇ ਗਲਤ ਕਰਾਰ ਦਿੱਤਾ ਉੱਥੇ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਸ ਨੂੰ ਕੌਮਾਂਤਰੀ ਕੀਮਤਾਂ ਨਾਲੋਂ ਕਿਤੇ ਵੱਧ ਦੱਸਿਆ ਹੈ। ਗਡਕਰੀ ਦਾ ਮੰਨਣਾ ਹੈ ਕਿ ਇਸ ਨਾਲ ਮੁਲਕ ’ਚ ਆਰਥਿਕ ਸੰਕਟ ਖੜ੍ਹਾ ਹੋਣ ਦੀ ਸੰਭਾਵਨਾ ਹੈ।
ਨਿਤਿਨ ਗਡਕਰੀ ਨੇ ਪੰਜਾਬ ਤੇ ਹਰਿਆਣਾ ਸਮੇਤ ਕੁਝ ਸੂਬਿਆਂ ’ਚ ਫ਼ਸਲੀ ਚੱਕਰ ’ਚ ਬਦਲਾਅ ’ਤੇ ਜ਼ੋਰ ਦਿੰਦਿਆਂ ਕਣਕ ਤੇ ਝੋਨੇ ਦਾ ਰਕਬਾ ਘਟਾਉਣ ਲਈ ਆਖਿਆ ਹੈ।

ਉਨ੍ਹਾਂ ਕਿਹਾ ਇਕ ਪਾਸੇ ਸਾਡੇ ਕੋਲ ਵਾਧੂ ਅਨਾਜ ਹੈ ਤਾਂ ਦੂਜੇ ਪਾਸੇ ਸਾਡੇ ਕੋਲ ਉਸ ਨੂੰ ਸਾਂਭਣ ਲਈ ਜਗ੍ਹਾ ਨਹੀਂ ਹੈ। ਇਸ ਲਈ ਇਨ੍ਹਾਂ ਫਸਲਾਂ ਦਾ ਕੋਈ ਬਦਲ ਲੱਭਣਾ ਚਾਹੀਦਾ ਹੈ। ਉਨ੍ਹਾਂ ਕਿਹਾ ਖੇਤੀਬਾੜੀ ਸੈਕਟਰ ’ਚ ਕੁਝ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਦਾ ਹੱਲ ਲੱਭਿਆ ਜਾਣਾ ਚਾਹੀਦਾ ਹੈ ਕਿਉਂਕਿ ਖੇਤੀਬਾੜੀ ਦੇ ਮਸਲਿਆਂ ਦਾ ਹੱਲ ਕੱਢੇ ਬਿਨ੍ਹਾਂ ਅਰਥਚਾਰਾ ਰਫ਼ਤਾਰ ਨਹੀਂ ਫੜ ਸਕਦਾ।

ਕੇਂਦਰੀ ਮੰਤਰੀ ਨੇ ਵਧੇਰੇ ਉਤਪਾਦਨ ਲਈ ਤੇਲ ਬੀਜਾਂ ਦੀ ਗੁਣਵੱਤਾ ’ਤੇ ਖੋਜ ਦੀ ਲੋੜ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ 90 ਹਜ਼ਾਰ ਕਰੋੜ ਰੁਪਏ ਮੁੱਲ ਦੇ ਖਾਣ ਵਾਲੇ ਤੇਲ ਦੀ ਦਰਾਮਦ ਕੀਤੀ ਜਾਂਦੀ ਹੈ ਜੋ ਸਹੀ ਨਹੀਂ ਹੈ। ਗਡਕਰੀ ਨੇ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਣਕ ਅਤੇ ਚੌਲਾਂ ਦਾ ਤਿੰਨ ਸਾਲ ਤੱਕ ਮੁਲਕ ’ਚ ਭੰਡਾਰ ਹੈ।

ਉਨ੍ਹਾਂ ਰਾਈਸ ਨੂੰ ਇਥਾਨੋਲ ਜਾਂ ਜੈਵਿਕ-ਇਥਾਨੋਲ ’ਚ ਤਬਦੀਲ ਕਰਨ ਦੀ ਨੀਤੀ ਬਣਾਉਣ ਦਾ ਸੁਝਾਅ ਵੀ ਦਿੱਤਾ ਹੈ। ਮੌਜੂਦਾ ਸਮੇਂ ’ਚ ਇਥਾਨੋਲ ਦਾ ਉਤਪਾਦਨ 20 ਹਜ਼ਾਰ ਕਰੋੜ ਰੁਪਏ ਦਾ ਹੈ ਤੇ ਦਰਾਮਦ 6-7 ਲੱਖ ਕਰੋੜ ਰੁਪਏ ਦੀ ਹੈ। ਗਡਕਰੀ ਨੇ ਕਿਹਾ ਹੁਣ ਅਸੀਂ ਇਕ ਲੱਖ ਕਰੋੜ ਰੁਪਏ ਦਾ ਇਥਾਨੋਲ ਅਰਥਚਾਰਾ ਬਣਾਉਣ ਦੀ ਯੋਜਨਾ ਬਣਾ ਰਹੇ ਹਾਂ। ਇਸ ਤੋਂ ਇਲਾਵਾ ਬੰਦ ਪਈਆਂ 200 ਖੰਡ ਮਿੱਲਾਂ ਨੂੰ ਜੈਵਿਕ-ਇਥਾਨੋਲ ਦੇ ਉਤਪਾਦਨ ’ਚ ਤਬਦੀਲ ਕੀਤਾ ਜਾ ਸਕਦਾ ਹੈ।