ਪੁਲਵਾਮਾ 'ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ਦੌਰਾਨ 3 ਅੱਤਵਾਦੀ ਢੇਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਇਸ ਸਾਲ ਹੁਣ ਤੱਕ 99 ਅੱਤਵਾਦੀਆਂ ਦਾ ਕੀਤਾ ਗਿਆ ਹੈ ਖ਼ਾਤਮਾ

IGP Kashmir Vijay Kumar

ਜੰਮੂ : ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਸ਼ਨੀਵਾਰ ਸ਼ਾਮ ਤੋਂ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਮੁਕਾਬਲੇ 'ਚ 3 ਅੱਤਵਾਦੀ ਮਾਰੇ ਗਏ ਹਨ। ਪੁਲਵਾਮਾ ਦੇ ਦਰਬਗਾਮ ਇਲਾਕੇ 'ਚ 2-3 ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ। ਪੁਲਿਸ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ 99 ਅੱਤਵਾਦੀ ਮਾਰੇ ਜਾ ਚੁੱਕੇ ਹਨ।

ਸ਼ਨੀਵਾਰ ਦੇਰ ਰਾਤ ਇੱਕ ਅੱਤਵਾਦੀ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਕਿ ਦੂਜੇ ਦੋ ਐਤਵਾਰ ਸਵੇਰੇ ਕਾਰਵਾਈ ਵਿੱਚ ਮਾਰੇ ਗਏ ਸਨ। ਜਾਣਕਾਰੀ ਮੁਤਾਬਕ ਸੁਰੱਖਿਆ ਬਲਾਂ ਨੇ ਦੋਵਾਂ ਅੱਤਵਾਦੀਆਂ ਨੂੰ ਘੇਰ ਲਿਆ, ਜਿਸ ਤੋਂ ਬਾਅਦ ਇਕ ਅੱਤਵਾਦੀ ਮਾਰਿਆ ਗਿਆ। ਮੌਕੇ ਤੋਂ ਦੋ ਏਕੇ-47 ਰਾਈਫਲਾਂ, ਇੱਕ ਪਿਸਤੌਲ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ।

ਆਈਜੀਪੀ ਕਸ਼ਮੀਰ ਵਿਜੇ ਕੁਮਾਰ ਮੁਤਾਬਕ ਮਾਰੇ ਗਏ ਸਾਰੇ ਅੱਤਵਾਦੀ ਸਥਾਨਕ ਸਨ ਅਤੇ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ ਜੁਨੈਦ ਸਿਰਗੋਜਰੀ ਵਜੋਂ ਹੋਈ ਹੈ, ਜੋ 13 ਮਈ ਨੂੰ ਕਾਂਸਟੇਬਲ ਰਿਆਜ਼ ਅਹਿਮਦ ਦੀ ਹੱਤਿਆ ਵਿੱਚ ਸ਼ਾਮਲ ਸੀ। ਬਾਕੀ ਦੋ ਅੱਤਵਾਦੀਆਂ ਦੀ ਪਛਾਣ ਪੁਲਵਾਮਾ ਜ਼ਿਲ੍ਹੇ ਦੇ ਫਾਜ਼ਿਲ ਨਜ਼ੀਰ ਭੱਟ ਅਤੇ ਇਰਫਾਨ ਮਲਿਕ ਵਜੋਂ ਹੋਈ ਹੈ।

ਘਾਟੀ 'ਚ ਪਿਛਲੇ 36 ਘੰਟਿਆਂ 'ਚ ਚਾਰ ਅੱਤਵਾਦੀ ਮਾਰੇ ਗਏ ਹਨ। ਜੰਮੂ-ਕਸ਼ਮੀਰ ਦੇ ਕੁਲਗਾਮ ਦੇ ਖੰਡੀਪੋਰਾ ਇਲਾਕੇ 'ਚ ਸ਼ਨੀਵਾਰ ਸਵੇਰੇ ਹਿਜ਼ਬੁਲ ਮੁਜਾਹਿਦੀਨ ਦਾ ਇਕ ਅੱਤਵਾਦੀ ਮਾਰਿਆ ਗਿਆ। ਕਸ਼ਮੀਰ ਪੁਲਿਸ ਮੁਤਾਬਕ ਸ਼ਨੀਵਾਰ ਤੜਕੇ ਦੋ ਅੱਤਵਾਦੀਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਜੰਮੂ-ਕਸ਼ਮੀਰ ਦੇ ਇਸੇ ਇਲਾਕੇ 'ਚ ਸੁਰੱਖਿਆ ਬਲਾਂ ਨੇ 24 ਘੰਟਿਆਂ ਦੇ ਅੰਦਰ ਤਿੰਨ ਵੱਖ-ਵੱਖ ਮੁਕਾਬਲਿਆਂ 'ਚ ਚਾਰ ਅੱਤਵਾਦੀਆਂ ਨੂੰ ਮਾਰ ਦਿੱਤਾ ਸੀ।