ਰਾਂਚੀ ਸਮੇਤ ਝਾਰਖੰਡ ਦੇ ਸਾਰੇ ਹਿੱਸਿਆਂ ਵਿਚ ਤਣਾਅਪੂਰਨ ਮਾਹੌਲ, ਇੱਕ ਦਰਜਨ ਹਿਰਾਸਤ ਵਿਚ, ਇੰਟਰਨੈਟ ਸੇਵਾ ਬਹਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਣਾਅ ਦੇ ਮੱਦੇਨਜ਼ਰ ਰਾਂਚੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਅਰਧਸੈਨਿਕ ਬਲਾਂ ਅਤੇ ਪੁਲਿਸ ਦੀ ਤਾਇਨਾਤੀ ਜਿਉਂ ਦੀ ਤਿਉਂ ਬਣੀ ਹੋਈ ਹੈ।

Tension prevails in all parts of Jharkhand including Ranchi, a dozen detained, internet service restored

 

ਰਾਂਚੀ - ਭਾਰਤੀ ਜਨਤਾ ਪਾਰਟੀ ਦੀ ਮੁਅੱਤਲ ਕੀਤੀ ਬੁਲਾਰਾ ਨੁਪੁਰ ਸ਼ਰਮਾ ਅਤੇ ਕੱਢੇ ਗਏ ਨੇਤਾ ਨਵੀਨ ਜਿੰਦਲ ਦੀ ਪੈਗੰਬਰ ਮੁਹੰਮਦ ਨੂੰ ਲੈ ਕੇ ਕੀਤੀ ਕਥਿਤ ਵਿਵਾਦਿਤ ਟਿੱਪਣੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਰਾਂਚੀ 'ਚ ਹਿੰਸਾ ਭੜਕਣ ਤੋਂ ਬਾਅਦ ਰਾਂਚੀ 'ਚ ਤਣਾਅ ਅਤੇ ਮਨਾਹੀ ਦੇ ਹੁਕਮਾਂ ਦਰਮਿਆਨ ਐਤਵਾਰ ਨੂੰ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ। ਤਣਾਅ ਦੇ ਮੱਦੇਨਜ਼ਰ ਰਾਂਚੀ ਅਤੇ ਆਸਪਾਸ ਦੇ ਇਲਾਕਿਆਂ ਵਿਚ ਅਰਧਸੈਨਿਕ ਬਲਾਂ ਅਤੇ ਪੁਲਿਸ ਦੀ ਤਾਇਨਾਤੀ ਜਿਉਂ ਦੀ ਤਿਉਂ ਬਣੀ ਹੋਈ ਹੈ।

ਝਾਰਖੰਡ ਪੁਲਿਸ ਦੇ ਬੁਲਾਰੇ ਅਤੇ ਇੰਸਪੈਕਟਰ ਜਨਰਲ (ਐਕਸ਼ਨ) ਏ.ਵੀ. ਹੋਮਕਰ ਨੇ ਇਕ ਏਜੰਸੀ ਨੂੰ ਦੱਸਿਆ ਕਿ "ਰਾਜਧਾਨੀ ਰਾਂਚੀ ਸਮੇਤ ਪੂਰੇ ਸੂਬੇ ਵਿਚ ਸਥਿਤੀ ਤਣਾਅਪੂਰਨ ਹੈ ਪਰ ਕਾਬੂ ਵਿੱਚ ਹੈ ਅਤੇ ਪਿਛਲੇ 24 ਘੰਟਿਆਂ ਵਿਚ ਕਿਧਰੇ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਅੱਜ ਸਵੇਰੇ 5 ਵਜੇ ਤੋਂ ਰਾਜਧਾਨੀ ਰਾਂਚੀ ਵਿਚ  ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ। 

ਉਨ੍ਹਾਂ ਕਿਹਾ ਕਿ ਰਾਂਚੀ ਦੇ ਕਈ ਸੰਵੇਦਨਸ਼ੀਲ ਖੇਤਰਾਂ ਵਿਚ ਸਥਿਤੀ ਅਜੇ ਵੀ ਤਣਾਅਪੂਰਨ ਬਣੀ ਹੋਈ ਹੈ, ਜਿਸ ਨੂੰ ਧਿਆਨ ਵਿਚ ਰੱਖਦੇ ਹੋਏ ਰਾਂਚੀ ਦੇ ਬਾਰਾਂ ਥਾਣਾ ਖੇਤਰਾਂ ਵਿਚ ਸ਼ਨੀਵਾਰ ਨੂੰ ਲਾਗੂ ਕੀਤੇ ਗਏ ਮਨਾਹੀ ਦੇ ਹੁਕਮ ਅੱਜ ਵੀ ਜਾਰੀ ਹਨ। ਉਨ੍ਹਾਂ ਕਿਹਾ ਕਿ ਰਾਂਚੀ ਦੇ ਗੁਆਂਢੀ ਰਾਮਗੜ੍ਹ ਜ਼ਿਲ੍ਹੇ ਵਿਚ ਕੱਲ੍ਹ ਲਾਗੂ ਕੀਤੇ ਗਏ ਮਨਾਹੀ ਦੇ ਹੁਕਮ ਅੱਜ ਵੀ ਇਹਤਿਆਤ ਵਜੋਂ ਜਾਰੀ ਹਨ। ਅਧਿਕਾਰੀ ਨੇ ਕਿਹਾ, "ਰਾਂਚੀ ਵਿਚ ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਸੈਂਕੜੇ ਲੋਕਾਂ ਦੀ ਭੀੜ ਦੁਆਰਾ ਕੀਤੀ ਗਈ ਪੱਥਰਬਾਜ਼ੀ, ਭੰਨ-ਤੋੜ ਅਤੇ ਹਿੰਸਾ ਦੇ ਸਬੰਧ ਵਿਚ ਕਾਰਵਾਈ ਵਿਚ ਤੇਜ਼ੀ ਲਿਆਉਂਦੇ ਹੋਏ ਪੁਲਿਸ ਨੇ ਪੰਜ ਹਜ਼ਾਰ ਅਣਪਛਾਤੇ ਲੋਕਾਂ ਦੇ ਖਿਲਾਫ਼ ਐਫਆਈਆਰ ਦਰਜ ਕੀਤੀ ਹੈ, ਜਿਨ੍ਹਾਂ ਵਿੱਚੋਂ ਦੋ ਦਰਜਨ ਨਾਮਜ਼ਦ ਹਨ। 

ਉਨ੍ਹਾਂ ਕਿਹਾ ਕਿ ਇਕ ਦਰਜਨ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ 'ਚ ਲਿਆ ਗਿਆ ਹੈ, ਇਸ ਤੋਂ ਇਲਾਵਾ ਸ਼ਨੀਵਾਰ ਨੂੰ ਹਿਰਾਸਤ 'ਚ ਲਏ ਅੱਧੀ ਦਰਜਨ ਲੋਕਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਹੈ। ਹੋਮਕਰ ਨੇ ਕਿਹਾ ਕਿ ਰਾਂਚੀ 'ਚ ਸ਼ੁੱਕਰਵਾਰ ਨੂੰ ਬਦਮਾਸ਼ਾਂ ਦੀ ਹਿੰਸਾ ਅਤੇ ਭੀੜ 'ਤੇ ਕਾਬੂ ਪਾਉਣ ਲਈ ਕੀਤੀ ਗਈ ਪੁਲਿਸ ਕਾਰਵਾਈ 'ਚ 11 ਪੁਲਿਸ ਕਰਮਚਾਰੀਆਂ ਸਮੇਤ ਦੋ ਦਰਜਨ ਲੋਕ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ ਸ਼ੁੱਕਰਵਾਰ ਦੇਰ ਰਾਤ 2 ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਪੂਰੇ ਸ਼ਹਿਰ 'ਚ ਤਣਾਅ ਪੈਦਾ ਹੋ ਗਿਆ ਸੀ, ਜਿਸ ਕਾਰਨ ਸ਼ਨੀਵਾਰ ਨੂੰ ਰਾਂਚੀ ਦੇ 12 ਥਾਣਾ ਖੇਤਰਾਂ 'ਚ ਮਨਾਹੀ ਦੇ ਹੁਕਮ ਲਾਗੂ ਕਰ ਦਿੱਤੇ ਗਏ ਸਨ, ਜਦਕਿ ਪੂਰੀ ਰਾਂਚੀ 'ਚ ਸ਼ੁੱਕਰਵਾਰ ਸ਼ਾਮ ਨੂੰ ਹੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਹੋਈ ਹਿੰਸਾ ਨੂੰ ਕਾਬੂ ਕਰਨ ਲਈ ਕੀਤੀ ਗਈ ਪੁਲਿਸ ਕਾਰਵਾਈ ਵਿੱਚ ਦੇਰ ਰਾਤ ਦੋ ਜਖ਼ਮੀ ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦਾ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੀਆਂ ਅੰਤਿਮ ਰਸਮਾਂ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਅਧਿਕਾਰੀ ਨੇ ਦੱਸਿਆ ਕਿ ਰੈਪਿਡ ਐਕਸ਼ਨ ਫੋਰਸ ਅਤੇ ਅਰਧ ਸੈਨਿਕ ਬਲਾਂ ਦਾ ਫਲੈਗ ਮਾਰਚ ਅੱਜ ਸਵੇਰ ਤੋਂ ਮੁੱਖ ਮਾਰਗ ਅਤੇ ਨਾਲ ਲੱਗਦੀਆਂ ਗਲੀਆਂ 'ਤੇ ਫਿਰ ਤੋਂ ਕੱਢਿਆ ਜਾ ਰਿਹਾ ਹੈ।

ਇਸ ਦੌਰਾਨ ਰਾਂਚੀ ਦੇ ਡਿਪਟੀ ਕਮਿਸ਼ਨਰ ਛਵੀ ਰੰਜਨ ਨੇ ਕਿਹਾ ਕਿ ਅੱਜ ਵੀ ਸ਼ਹਿਰ ਦੇ ਸਾਰੇ 12 ਥਾਣਾ ਖੇਤਰਾਂ ਵਿਚ ਮਨਾਹੀ ਦੇ ਹੁਕਮ ਵਧਾ ਦਿੱਤੇ ਗਏ ਹਨ ਅਤੇ ਉਨ੍ਹਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੇਲੋੜੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਸ਼ਾਂਤੀ ਬਣਾਈ ਰੱਖਣ। ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਪ੍ਰਸ਼ਾਸਨ ਨੇ ਰਾਂਚੀ ਦੀ ਮੁੱਖ ਸੜਕ ਦੇ ਦੋਵੇਂ ਪਾਸੇ ਪੰਜ ਸੌ ਮੀਟਰ ਤੱਕ ਮਨਾਹੀ ਦੇ ਹੁਕਮ ਲਾਗੂ ਕਰਕੇ ਪੰਜ ਜਾਂ ਪੰਜ ਤੋਂ ਵੱਧ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾ ਦਿੱਤੀ ਸੀ।

 

ਬੁਲਾਰੇ ਨੇ ਦੱਸਿਆ ਕਿ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਹਿੰਸਾ ਦੀ ਜਾਂਚ ਕਰ ਰਹੀ ਹੈ ਅਤੇ ਇਲਾਕੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਹੋਰ ਵੀਡੀਓਜ਼ ਨੂੰ ਸਕੈਨ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਝਾਰਖੰਡ ਸਰਕਾਰ ਵੱਲੋਂ ਸ਼ਨੀਵਾਰ ਨੂੰ ਗਠਿਤ ਕਮੇਟੀ ਨੇ ਹਿੰਸਾ ਦੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕਮੇਟੀ ਨੇ ਮੁੱਖ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ ਇੱਕ ਹਫ਼ਤੇ ਵਿੱਚ ਆਪਣੀ ਰਿਪੋਰਟ ਸੌਂਪਣੀ ਹੈ।