ਸੂਰਜਮੁਖੀ ਦੇ ਬੀਜਾਂ ਲਈ ਐਮ.ਐਸ.ਪੀ. ਦੀ ਮੰਗ ਨੂੰ ਲੈ ਕੇ ਦਿੱਲੀ-ਚੰਡੀਗੜ੍ਹ ਸ਼ਾਹ ਰਾਹ ਜਾਮ
ਪਿਪਲੀ ’ਚ ਇਕੱਠਾ ਹੋਏ ਕਿਸਾਨ, ਮਹਾਪੰਚਾਇਤ ਮਗਰੋਂ ਲਿਆ ਫੈਸਲਾਕਿਸਾਨ ਆਗੂਆਂ ਨੂੰ ਰਿਹਾਅ ਕਰਨ ਦੀ ਵੀ ਮੰਗ ਕੀਤੀ
ਕੁਰੂਕੁਸ਼ੇਤਰ (ਹਰਿਆਣਾ): ਕਿਸਾਨਾਂ ਨੇ ਸੂਰਜਮੁਖੀ ਦੇ ਬੀਜਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਦੀ ਮੰਗ ’ਤੇ ਜ਼ੋਰ ਦੇਣ ਲਈ ਸੋਮਵਾਰ ਨੂੰ ਹਰਿਆਣਾ ਦੇ ਕੁਰੂਕੁਸ਼ੇਤਰ ਜ਼ਿਲ੍ਹੇ ਦੇ ਪਿਪਲੀ ’ਚ ਮਹਾਪੰਚਾਇਤ ਕਰਨ ਤੋਂ ਬਾਅਦ ਦਿੱਲੀ-ਚੰਡੀਗੜ੍ਹ ਸ਼ਾਹ ਰਾਹ ਜਾਮ ਕਰ ਦਿਤਾ।
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਵਲੋਂ ਸੱਦੀ ਗਈ ‘ਐਮ.ਐਸ.ਪੀ. ਦਿਵਾਓ, ਕਿਸਾਨ ਬਚਾਓ ਮਹਾਪੰਚਾਇਤ’ ਪਿਪਲੀ ’ਚ ਰਾਸ਼ਟਰੀ ਸ਼ਾਹ ਰਾਹ-44 ਕੋਲ ਇਕ ਦਾਣਾ ਮੰਡੀ ’ਚ ਕਰਵਾਈ ਗਈ ਸੀ। ਮਹਾਪੰਚਾਇਤ ਤੋਂ ਬਾਅਦ ਕਿਸਾਨ ਸ਼ਾਹ ਰਾਹ ’ਤੇ ਜਮ੍ਹਾਂ ਹੋ ਗਏ ਅਤੇ ਉਸ ਨੂੰ ਜਾਮ ਕਰ ਦਿਤਾ। ਪੁਲਿਸ ਨੂੰ ਆਵਾਜਾਈ ਦੂਜੇ ਪਾਸੇ ਮੋੜਨੀ ਪਈ।
ਮਹਾਪੰਚਾਇਤ ’ਚ ਕਿਸਾਨ ਆਗੂ ਕਰਮ ਸਿੰਘ ਮਥਾਣਾ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ’ਤੇ ਚਰਚਾ ਲਈ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਇਕ ਬੈਠਕ ਦਾ ਭਰੋਸਾ ਦਿਤਾ ਸੀ। ਉਨ੍ਹਾਂ ਕਿਹਾ, ‘‘ਹਾਲਾਂਕਿ ਹੁਣ ਉਹ ਕਹਿ ਰਹੇ ਹਨ ਕਿ ਮੁੱਖ ਮੰਤਰੀ ਕਰਨਾਲ ਤੋਂ ਚਲੇ ਗਏ ਹਨ।’’ ਉਨ੍ਹਾਂ ਅੱਗੇ ਕਿਹਾ, ‘‘ਇਸ ਕਰ ਕੇ ਮਹਾਪੰਚਾਇਤ ਸੱਦਣ ਵਾਲੀ ਕਮੇਟੀ ਨੇ ਸਾਡੀਆਂ ਮੰਗਾਂ ਪੂਰੀਆਂ ਹੋਣ ਤਕ ਕੌਮੀ ਸ਼ਾਹ ਰਾਹ-44 ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ।’’
ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ’ਚ ਕਿਸਾਨਾਂ ਨੇ ਛੇ ਜੂਨ ਨੂੰ ਸ਼ਾਹਬਾਦ ਕੋਲ ਰਾਸ਼ਟਰੀ ਸ਼ਾਹ ਰਾਹ ਨੂੰ ਇਸ ਮੰਗ ਨਾਲ ਛੇ ਘੰਟਿਆਂ ਤੋਂ ਵੱਧ ਸਮੇਂ ਤਕ ਜਾਮ ਕਰ ਦਿਤਾ ਸੀ ਕਿ ਸਰਕਾਰ ਸੂਰਜਮੁਖੀ ਦੇ ਬੀਜ ਘੱਟੋ-ਘੱਟ ਸਮਰਥਨ ਮੁੱਲ (ਐਮ.ਐਸ.ਪੀ.) ’ਤੇ ਖ਼ਰੀਦੇ। ਪੁਲਿਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਤੋਪਾਂ ਚਲਾਈਆਂ ਸਨ ਅਤੇ ਲਾਠੀਚਾਰਜ ਕੀਤਾ ਸੀ।
ਬਾਅਦ ’ਚ ਬੀ.ਕੇ.ਯੂ. (ਚੜੂਨੀ) ਦੇ ਪ੍ਰਧਾਨ ਸਮੇਤ ਇਸ ਦੇ 9 ਆਗੂਆਂ ਨੂੰ ਦੰਗਾ ਅਤੇ ਗ਼ੈਰ-ਕਾਨੂੰਨੀ ਸਭਾ ਸਮੇਤ ਵੱਖੋ-ਵੱਖ ਇਲਜ਼ਾਮਾਂ ਹੇਠ ਗਿ੍ਰਫ਼ਤਾਰ ਕੀਤਾ ਗਿਆ ਸੀ।
ਸੋਮਵਾਰ ਨੂੰ ਮਹਾਪੰਚਾਇਤ ’ਚ ਸ਼ਾਮਲ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਐਮ.ਐਸ.ਪੀ. ’ਤੇ ਸੂਰਜਮੁਖੀ ਦੀ ਖ਼ਰੀਦ ਕਰਨੀ ਚਾਹੀਦੀ ਹੈ ਅਤੇ ਸ਼ਾਹਬਾਦ ’ਚ ਗਿ੍ਰਫ਼ਤਾਰ ਕਿਸਾਨ ਆਗੂਆਂ ਨੂੰ ਰਿਹਾਅ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਜੇ ਕੇਂਦਰ ਸਰਕਾਰ ਵਲੋਂ ਕੀਤੇ ਵਾਅਦੇ ਅਨੁਸਾਰ ਐਮ.ਐਸ.ਪੀ. ਲਈ ਇਕ ਕਾਨੂੰਨ ਨਾ ਲਿਆਂਦਾ ਗਿਆ ਤਾਂ ਸੰਯੁਕਤ ਕਿਸਾਨ ਮੋਰਚਾ ਇਕ ਕੁਲ ਭਾਰਤੀ ਅੰਦੋਲਨ ਸ਼ੁਰੂ ਕਰੇਗਾ।’’ ਉਨ੍ਹਾਂ ਦੋਸ਼ ਲਾਇਆ ਕਿ ਸਕਾਰ ਐਮ.ਐਸ.ਪੀ. ਦਾ ਐਲਾਨ ਤਾਂ ਕਰਦੀ ਹੈ ਪਰ ਉਸ ਦਰ ’ਤੇ ਇਸ ਦੀ ਖ਼ਰੀਦ ਕਰਨ ’ਚ ਅਸਫ਼ਲ ਰਹਿੰਦੀ ਹੈ। ਉਨ੍ਹਾਂ ਕਿਹਾ, ‘‘ਚੜੂਨੀ ਨੇ ਜਦੋਂ ਸੂਰਜਮੁਖੀ ਦੀ ਫਸਲ ਲਈ ਐਮ.ਐਸ.ਪੀ. ਦੀ ਮੰਗ ਕੀਤੀ ਸੀ ਤਾਂ ਉਨ੍ਹਾਂ ਕੀ ਗ਼ਲਤ ਕੀਤਾ?’’ ਮਹਾਪੰਚਾਇਤ ’ਚ ਵੱਖੋ-ਵੱਖ ਸੂਬਿਆਂ ਦੇ 50 ਹਜ਼ਾਰ ਤੋਂ ਵੱਧ ਕਿਸਾਨ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਟਿਕੈਤ ਨੇ ਕਿਸਾਨਾਂ ’ਤੇ ਹੋਏ ਪੁਲਿਸ ਦੇ ਲਾਠੀਚਾਰਜ ਦੀ ਭਰਵੀਂ ਨਿੰਦਾ ਕਰਦਿਆਂ ਕਿਹਾ ਸੀ ਕਿ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ ਪ੍ਰਾਪਤ ਕਰਨ ਲਈ ਖੇਤੀ ਕਾਨੂੰਨਾਂ ਨੂੰ ਹਟਾਉਣ ਤੋਂ ਵੀ ਵੱਡਾ ਅੰਦੋਲਨ ਕੀਤਾ ਜਾਵੇਗਾ।
ਮਹਾਪੰਚਾਇਤ ’ਚ ਵੱਖੋ-ਵੱਖ ਖਾਪ ਆਗੂਆਂ ਅਤੇ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਤੋਂ ਇਲਾਵਾ, ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਣ ਸਿੰਘ ਵਿਰੁਧ ਕਾਰਵਾਈ ਦੀ ਮੰਗ ਕਰ ਰਹੇ ਓਲੰਪਿਕ ਤਮਗਾ ਜੇਤੂ ਭਲਵਾਨ ਬਜਰੰਗ ਪੂਨੀਆ ਵੀ ਮੌਜੂਦ ਸਨ।
ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਕੁਝ ਕਿਸਾਨ ਆਗੂਆਂ ਨੇ ਸਰਕਾਰ ਦੀ ਉਸ ਦੀਆਂ ‘ਕਿਸਾਨ ਵਿਰੋਧੀ’ ਨੀਤੀਆਂ ਅਤੇ ਕਿਸਾਨ ਆਗੂਆਂ ਵਿਰੁਧ ਪੁਲਿਸ ਕਾਰਵਾਈ ਲਈ ਆਲੋਚਨਾ ਕੀਤੀ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਐਮ.ਐਸ.ਪੀ. ’ਤੇ ਸੂਰਜਮੁਖੀ ਦੇ ਬੀਜ ਖ਼ਰੀਦੇ ਅਤੇ ਪਿੱਛੇ ਜਿਹੇ ਸ਼ਾਹਬਾਦ ’ਚ ਗਿ੍ਰਫ਼ਤਾਰ ਕੀਤੇ ਪ੍ਰਦਰਸ਼ਨਕਾਰੀਆਂ ਨੂੰ ਰਿਹਾਅ ਕੀਤਾ ਜਾਵੇ।
ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ ਨੇ ਪੁਖਤਾ ਇੰਤਜ਼ਾਮ ਕੀਤੇ ਹਨ। ਬੀ.ਕੇ.ਯੂ. ਦੇ ਆਗੂਆਂ ਨੇ ਮਹਾਪੰਚਾਇਤ ਨੂੰ ਸ਼ਾਂਤਮਈ ਤਰੀਕੇ ਨਾਲ ਕਰਨ ਲਈ ਐਤਵਾਰ ਰਾਤ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਬੈਠਕ ਕੀਤੀ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਨਿਚਰਵਾਰ ਨੂੰ 36414 ਏਕੜ ’ਚ ਉੱਗਣ ਵਾਲੇ ਸੂਰਜਮੁਖੀ ਲਈ 8528 ਕਿਸਾਨਾਂ ਨੂੰ ਅੰਤਰਿਮ ਮੁਆਵਜ਼ੇ ਦੇ ਰੂਪ ’ਚ 29.13 ਕਰੋੜ ਰੁਪਏ ਜਾਰੀ ਕੀਤੇ ਸਨ। ਕੀਮਤਾਂ ’ਚ ਫ਼ਰਕ ਦੀ ਭਰਪਾਈ ਯੋਜਨਾ ਤਹਿਤ ਸੂਬਾ ਸਰਕਾਰ ਐਮ.ਐਸ.ਪੀ. ਤੋਂ ਹੇਠਾਂ ਵੇਚੀ ਜਾਣ ਵਾਲੀ ਸੂਰਜਮੁਖੀ ਦੀ ਫ਼ਸਲ ਲਈ ਅੰਤਰਿਮ ਸਮਰਥਨ ਦੇ ਰੂਪ ’ਚ 1000 ਰੁਪਏ ਪ੍ਰਤੀ ਕੁਇੰਟਲ ਦੇ ਰਹੀ ਹੈ। ਹਾਲਾਂਕਿ ਕਿਸਾਨ ਇਸ ਰਾਹਤ ਤੋਂ ਖ਼ੁਸ਼ ਨਹੀਂ ਹਨ। ਕਿਸਾਨ ਮੰਗ ਕਰ ਰਹੇ ਹਨ ਕਿ ਸੂਬਾ ਸਰਕਾਰ ਸੂਰਜਮੁਖੀ ਨੂੰ 6400 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦੇ।