ਕੋਈ ਵੀ ਕਿਸੇ ਬਾਲਗ ਨੂੰ ਉਸ ਦੀ ਪਸੰਦ ਦੇ ਵਿਅਕਤੀ ਨਾਲ ਰਹਿਣ ਤੋਂ ਨਹੀਂ ਰੋਕ ਸਕਦਾ : ਇਲਾਹਾਬਾਦ ਹਾਈ ਕੋਰਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਬਾਲਗ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜਣ ਲਈ ਜੁਡੀਸ਼ੀਅਲ ਮੈਜਿਸਟਰੇਟ ਦੀ ਆਲੋਚਨਾ ਕੀਤੀ

Allahabad High Court

ਪ੍ਰਯਾਗਰਾਜ: ਇਲਾਹਾਬਾਦ ਹਾਈ ਕੋਰਟ ਨੇ ਕਿਹਾ ਹੈ ਕਿ ਕੋਈ ਵੀ ਵਿਅਕਤੀ ਕਿਸੇ ਬਾਲਗ ਨੂੰ ਅਪਣੀ ਪਸੰਦ ਦੇ ਵਿਅਕਤੀ ਨਾਲ ਰਹਿਣ ਜਾਂ ਅਪਣੀ ਮਰਜ਼ੀ ਨਾਲ ਵਿਆਹ ਕਰਨ ਤੋਂ ਨਹੀਂ ਰੋਕ ਸਕਦਾ ਕਿਉਂਕਿ ਸੰਵਿਧਾਨ ਦੀ ਧਾਰਾ 21 ਉਸ ਨੂੰ ਇਹ ਅਧਿਕਾਰ ਦਿੰਦੀ ਹੈ। 

ਉਪਰੋਕਤ ਟਿਪਣੀ ਕਰਦਿਆਂ ਜਸਟਿਸ ਜੇ.ਜੇ. ਮੁਨੀਰ ਅਤੇ ਜਸਟਿਸ ਅਰੁਣ ਕੁਮਾਰ ਸਿੰਘ ਦੇਸ਼ਵਾਲ ਦੀ ਡਿਵੀਜ਼ਨ ਬੈਂਚ ਨੇ ਇਸ ਮਾਮਲੇ ਦੀ ਪਹਿਲੀ ਪਟੀਸ਼ਨਕਰਤਾ ਬਾਲਗ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜਣ ਲਈ ਜੁਡੀਸ਼ੀਅਲ ਮੈਜਿਸਟਰੇਟ ਦੀ ਆਲੋਚਨਾ ਕੀਤੀ। ਔਰਤ ਦੇ ਚਾਚੇ ਨੇ ਉਸ ਦੇ ਪਤੀ ਵਿਰੁਧ ਐਫ.ਆਈ.ਆਰ. ਦਰਜ ਕਰਵਾਈ ਸੀ। 

ਅਪਰਾਧਕ ਪ੍ਰਕਿਰਿਆ ਸੰਹਿਤਾ ਦੀ ਧਾਰਾ 164 ਤਹਿਤ ਅਪਣੇ ਬਿਆਨ ਵਿਚ ਔਰਤ ਨੇ ਕਿਹਾ ਸੀ ਕਿ ਜੇ ਉਸ ਨੂੰ ਉਸ ਦੇ ਚਾਚੇ ਜਾਂ ਉਸ ਦੇ ਮਾਪਿਆਂ ਦੇ ਘਰ ਭੇਜਿਆ ਗਿਆ ਤਾਂ ਉਸ ਦੀ ਜਾਨ ਨੂੰ ਖਤਰਾ ਹੈ। ਇਹ ਬਿਆਨ ਦੇਣ ਦੇ ਬਾਵਜੂਦ ਜੁਡੀਸ਼ੀਅਲ ਮੈਜਿਸਟਰੇਟ ਨੇ ਔਰਤ ਨੂੰ ਉਸ ਦੇ ਚਾਚੇ ਦੇ ਘਰ ਭੇਜ ਦਿਤਾ। 

ਅਦਾਲਤ ਨੇ ਕਿਹਾ ਕਿ ਜੁਡੀਸ਼ੀਅਲ ਮੈਜਿਸਟਰੇਟ, ਜਿਸ ਦੇ ਸਾਹਮਣੇ ਔਰਤ ਨੇ ਅਪਣੀ ਜਾਨ ਨੂੰ ਖਤਰਾ ਹੋਣ ਦਾ ਦਾਅਵਾ ਕੀਤਾ ਸੀ, ਨੂੰ ਉਸ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦਾ ਸੀ ਅਤੇ ਉਸ ਦੇ ਚਾਚੇ ਵਿਰੁਧ ਐਫ.ਆਈ.ਆਰ. ਦਰਜ ਕਰਨੀ ਚਾਹੀਦੀ ਸੀ। 

ਅਦਾਲਤ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਮਾਮਲਿਆਂ ’ਚ ‘ਆਨਰ ਕਿਲਿੰਗ’ ਕੋਈ ਅਣਜਾਣ ਘਟਨਾ ਨਹੀਂ ਹੈ। ਅਜਿਹੀ ਸਥਿਤੀ ’ਚ, ਸਿਧਾਰਥ ਨਗਰ ਦੇ ਪੁਲਿਸ ਸੁਪਰਡੈਂਟ ਅਤੇ ਬੰਸੀ ਦੇ ਐਸ.ਐਚ.ਓ. ਔਰਤ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਉਸ ਦੇ ਚਾਚੇ ਵਿਰੁਧ ਕਾਰਵਾਈ ਨਾ ਕਰਨ ਲਈ ਜਵਾਬਦੇਹ ਹਨ। 

ਪਟੀਸ਼ਨਕਰਤਾ ਔਰਤ ਦੀ ਉਮਰ ਲਗਭਗ 21 ਸਾਲ ਹੈ ਅਤੇ ਉਸ ਨੇ ਅਪ੍ਰੈਲ, 2024 ’ਚ ਮੁਸਲਿਮ ਰੀਤੀ-ਰਿਵਾਜਾਂ ਅਨੁਸਾਰ ਅਪਣੀ ਮਰਜ਼ੀ ਨਾਲ ਅਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ ਅਤੇ ਇਸ ਸਬੰਧ ’ਚ ਤੇਲੰਗਾਨਾ ਦੇ ਵਕਫ ਬੋਰਡ ਵਲੋਂ ਵਿਆਹ ਸਰਟੀਫਿਕੇਟ ਜਾਰੀ ਕੀਤਾ ਗਿਆ ਸੀ। 

ਵਿਆਹ ਤੋਂ ਦੁਖੀ ਔਰਤ ਦੇ ਚਾਚੇ ਨੇ ਉਸ ਦੇ ਪਤੀ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 363 (ਅਗਵਾ) ਤਹਿਤ ਐਫ.ਆਈ.ਆਰ. ਦਰਜ ਕਰਵਾਈ। ਇਸ ਤੋਂ ਬਾਅਦ ਪੁਲਿਸ ਨੇ ਨਾ ਸਿਰਫ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ ਬਲਕਿ ਔਰਤ ਨੂੰ ਹਿਰਾਸਤ ’ਚ ਲੈ ਕੇ ਉਸ ਦੇ ਚਾਚੇ ਦੇ ਹਵਾਲੇ ਕਰ ਦਿਤਾ। 

ਜਦੋਂ ਪੁਲਿਸ ਨੇ ਔਰਤ ਨੂੰ ਅਪਣਾ ਬਿਆਨ ਦਰਜ ਕਰਵਾਉਣ ਲਈ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਤਾਂ ਔਰਤ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਸ ਨੇ ਅਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਪਤੀ ਨੂੰ ਕੇਸ ’ਚ ਝੂਠਾ ਫਸਾਇਆ ਗਿਆ ਸੀ। 

ਅਦਾਲਤ ਨੇ 7 ਜੂਨ ਦੇ ਅਪਣੇ ਫੈਸਲੇ ’ਚ ਐਫ.ਆਈ.ਆਰ. ਨੂੰ ਰੱਦ ਕਰ ਦਿਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਇਹ ਯਕੀਨੀ ਬਣਾਉਣ ਦਾ ਹੁਕਮ ਦਿਤਾ ਕਿ ਔਰਤ ਦਾ ਚਾਚਾ ਜਾਂ ਪਰਵਾਰ ਦਾ ਕੋਈ ਹੋਰ ਮੈਂਬਰ ਉਸ ਨੂੰ ਕਿਸੇ ਵੀ ਤਰੀਕੇ ਨਾਲ ਨੁਕਸਾਨ ਨਾ ਪਹੁੰਚਾਏ।