ਮਲੇਸ਼ੀਆ 'ਚ ਫਸੇ 221 ਭਾਰਤੀ ਨੌਜਵਾਨ ਵਿਸ਼ੇਸ਼ ਉਡਾਨ ਰਾਹੀਂ ਭਾਰਤ ਪਰਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੋਰੋਨਾ ਮਹਾਮਾਰੀ ਕਾਰਨ ਮਲੇਸ਼ੀਆ ਵਿਚ ਫਸੇ ਨੌਜਵਾਨਾਂ ਦੀ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵੀਡੀਉ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ ਵਿਚ ਉਨ੍ਹਾਂ ਭਾਰਤ ਸਰਕਾਰ......

File

ਰਾਜਾਸਾਂਸੀ, 11 ਜੁਲਾਈ (ਜਗਤਾਰ ਮਾਹਲਾ) : ਕੋਰੋਨਾ ਮਹਾਮਾਰੀ ਕਾਰਨ ਮਲੇਸ਼ੀਆ ਵਿਚ ਫਸੇ ਨੌਜਵਾਨਾਂ ਦੀ ਪਿਛਲੇ ਦਿਨੀਂ ਸੋਸ਼ਲ ਮੀਡੀਆ 'ਤੇ ਵੀਡੀਉ ਵਾਇਰਲ ਹੋ ਰਹੀਆਂ ਸਨ, ਜਿਨ੍ਹਾਂ ਵਿਚ ਉਨ੍ਹਾਂ ਭਾਰਤ ਸਰਕਾਰ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ ਸੀ ਕਿ ਸਾਡੇ ਵੀਜੇ ਖ਼ਤਮ ਹੋ ਚੁਕੇ ਸਨ, ਅਸੀਂ 15 ਦਿਨ ਮਲੇਸ਼ੀਆ ਦੀ ਜੇਲ ਵੀ ਕੱਟ ਆਏ ਹਾਂ ਅਤੇ ਸਾਡਾ ਇਥੇ ਬਹੁਤ ਬੁਰਾ ਹਾਲ ਹੈ। ਇਹ ਵੀਡੀਉ ਜਦੋ ਕੇਂਦਰੀ ਮੰਤਰੀ ਹਰਸਿਮਰਤ  ਕੌਰ ਬਾਦਲ ਕੋਲ ਪੁੱਜੀ ਤਾਂ ਉਨ੍ਹਾਂ ਕੇਂਦਰ ਸਰਕਾਰ ਨੂੰ ਭਾਰਤੀਆਂ ਦੀ ਹੱਡ ਬੀਤੀ ਲਿਖ ਇਨ੍ਹਾਂ ਨੂੰ ਭਾਰਤ ਵਾਪਸ ਬਲਾਉਣ ਦੀ ਮੰਗ ਕੀਤੀ ਤਾਂ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ 23 ਦਿਨਾਂ ਦੇ ਅੰਦਰ ਉਹ ਭਾਰਤੀ ਅੱਜ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਪਹੁੰਚੇ।

ਪੱਤਰਕਾਰਾਂ ਨਾਲ ਯਾਤਰੀਆਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਅਸੀਂ ਹਰਸਿਮਰਤ ਕੌਰ ਬਾਦਲ, ਸਮਾਜ ਸੇਵੀ ਸੰਸਥਾ ਅਤੇ ਕੇਂਦਰ ਸਰਕਾਰ ਦਾ ਤਹਿ ਦਿਲੋਂ ਧਨਵਾਦ ਕਰਦੇ ਹਾਂ ਕਿਉਂਕਿ ਉਨ੍ਹਾਂ ਦੀ ਬਦੌਲਤ ਅੱਜ ਅਸੀਂ ਬਿਲਕੁਲ ਮੁਫ਼ਤ ਟਿਕਟਾਂ 'ਤੇ ਭਾਰਤ ਅਪਣੇ ਘਰ ਵਾਪਸ ਪਰਤ ਸਕੇ ਹਾਂ। ਇਸ ਮੌਕੇ ਐਸ.ਡੀ.ਐਮ. ਅਜਨਾਲਾ ਦੀਪਕ ਭਾਟੀਆ ਨੇ ਕਿਹਾ ਕਿ ਅੱਜ ਮਲੇਸ਼ੀਆ ਤੋਂ ਡਿਪੋਰਟ ਉਡਾਨ 221 ਭਾਰਤੀਆਂ ਨੂੰ ਲੈ ਕੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਵਿਖੇ ਪਹੁੰਚੀ ਹੈ, ਜਿਨ੍ਹਾਂ ਵਿਚੋਂ ਤਕਰੀਬਨ 40 ਵਿਅਕਤੀ ਬਾਹਰਲੇ ਸੂਬੇ ਦੇ ਹਨ ਅਤੇ ਬਾਕੀ ਸਾਰੇ ਪੰਜਾਬ ਤੋਂ ਹਨ। ਇਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਦਿਨਾਂ ਲਈ ਇਕਾਂਤਵਾਸ ਕੀਤਾ ਜਾਵੇਗਾ।