ਚੀਨ ਨੇ ਫ਼ਿੰਗਰ 4 ਖੇਤਰ ਦੇ ਕੁਝ ਕੈਂਪਾਂ ਨੂੰ ਹਟਾਇਆ, ਕੁਝ ਮੌਜੂਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਚੀਨ ਨੇ ਲੱਦਾਖ਼ ਵਿਚ ਪੈਨਗੋਂਗ ਝੀਲ ਦੇ ਕਿਨਾਰੇ ਫ਼ਿੰਗਰ 4 ਅਤੇ ਫ਼ਿੰਗਰ 8 ਦੇ ਵਿਚਕਾਰਲੇ ਖੇਤਰ ਵਿਚ ਘੁਸਪੈਠ ਕੀਤੀ ਸੀ

File

ਨਵੀਂ ਦਿੱਲੀ, 11 ਜੁਲਾਈ : ਚੀਨ ਨੇ ਲੱਦਾਖ਼ ਵਿਚ ਪੈਨਗੋਂਗ ਝੀਲ ਦੇ ਕਿਨਾਰੇ ਫ਼ਿੰਗਰ 4 ਅਤੇ ਫ਼ਿੰਗਰ 8 ਦੇ ਵਿਚਕਾਰਲੇ ਖੇਤਰ ਵਿਚ ਘੁਸਪੈਠ ਕੀਤੀ ਸੀ। ਪਿਛਲੇ ਕੁਝ ਹਫ਼ਤਿਆਂ ਦੌਰਾਨ ਇਹ ਖੇਤਰ ਭਾਰਤ-ਚੀਨ ਵਿਵਾਦ ਦਾ ਕੇਂਦਰ ਰਿਹਾ ਹੈ। ਸੈਟੇਲਾਈਟ ਦੀਆਂ ਕੁਝ ਨਵੀਆਂ ਤਸਵੀਰਾਂ ਦੇ ਵਿਸ਼ਲੇਸ਼ਣ ਤੋਂ ਪਤਾ ਲਗਿਆ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐਲ.ਏ.) ਅੰਸ਼ਕ ਤੌਰ ਤੇ ਫ਼ਿੰਗਰ 4 ਖੇਤਰ ਵਿਚ ਪਿੱਛੇ ਹਟ ਗਈ ਹੈ। ਸ਼ੁਕਰਵਾਰ ਨੂੰ ਵਪਾਰਕ ਧਰਤੀ ਆਬਜ਼ਰਵੇਸ਼ਨ ਸੈਟੇਲਾਈਟ ਸਕਾਈਸੈੱਟ ਦੁਆਰਾ ਖਿੱਚੀਆਂ ਗਈਆਂ ਤਸਵੀਰਾਂ ਦਰਸਾਉਂਦੀਆਂ ਹਨ ਕਿ ਚੀਨ ਝੀਲ ਦੇ ਨਾਲ ਲਗਦੇ ਸੜਕ ਪੱਧਰੀ ਖੇਤਰ ਵਿਚ ਪਿੱਛੇ ਹੱਟ ਗਿਆ ਹੈ।

ਹਾਲਾਂਕਿ, ਤਸਵੀਰ ਵਿਚ ਇਹ ਦੇਖਿਆ ਜਾ ਸਕਦਾ ਹੈ ਕਿ ਰਿਜ ਲਾਈਨ ਖੇਤਰ ਵਿਚ ਕੈਂਪ ਅਜੇ ਵੀ ਮੌਜੂਦ ਹਨ। ਨਵੀਆਂ ਸੈਟੇਲਾਈਟ ਤਸਵੀਰਾਂ ਦਰਸਾਉਂਦੀਆਂ ਹਨ ਕਿ ਵਾਹਨ ਅਤੇ ਵੱਡੇ ਢਾਂਚੇ ਫ਼ਿੰਗਰ 4 ਖੇਤਰ ਤੋਂ ਫ਼ਿੰਗਰ 5 ਵਲ ਚਲੇ ਗਏ ਹਨ। ਫ਼ਿੰਗਰ 4 ਰਿਜਲਾਈਨ ਦੇ ਸਿਖਰ 'ਤੇ ਕਬਜ਼ਾ ਕਰਨ ਲਈ ਬਣੇ ਕੈਂਪਾਂ ਦੀ ਗਿਣਤੀ ਘੱਟ ਗਈ ਹੈ, ਪਰ ਕੁਝ ਅਜਿਹੀਆਂ ਬਣਤਰ ਅਜੇ ਵੀ ਨਵੀਂ ਸੈਟੇਲਾਈਟ ਤਸਵੀਰਾਂ ਵਿਚ ਦਿਖਾਈ ਦੇ ਰਹੀਆਂ ਹਨ। ਫ਼ਿੰਗਰ 4 ਅਤੇ ਫਿੰਗਰ 5 ਖੇਤਰਾਂ ਵਿਚਕਾਰ ਚੀਨੀ ਫ਼ੌਜ ਦੇ ਕੈਂਪਾਂ ਵਿਚ ਕੋਈ ਮਹੱਤਵਪੂਰਨ ਅੰਤਰ ਨਹੀਂ ਹੋਇਆ ਹੈ। ਹਾਲਾਂਕਿ ਕੁਝ ਚੀਨੀ ਤੰਬੂ ਹਟਾਏ ਗਏ ਹਨ, ਪਰ ਉਨ੍ਹਾਂ ਦੀ ਸਥਿਤੀ ਇਕੋ ਜਿਹੀ ਹੈ।