ਭਾਰਤੀ ਅਰਥ ਵਿਵਸਥਾ ਲੀਹ 'ਤੇ ਆਉਣ ਦੇ ਸੰਕੇਤ ਦੇਣ ਲਗੀ : ਆਰਬੀਆਈ ਗਵਰਨਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਨਿਚਰਵਾਰ ਨੂੰ ਕਿਹਾ ਕਿ ਲਾਕਡਾਊਨ ਦੀਆਂ....

RBI governor

ਮੁੰਬਈ, 11 ਜੁਲਾਈ : ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਸਨਿਚਰਵਾਰ ਨੂੰ ਕਿਹਾ ਕਿ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਹੌਲੀ ਹੌਲੀ ਢਿੱਲ ਦਿਤੇ ਜਾਣ ਤੋਂ ਬਾਅਦ ਭਾਰਤੀ ਅਰਥ ਵਿਵਸਥਾ ਲੀਹ 'ਤੇ ਆਉਣ ਦੇ ਸੰਕੇਤ ਦੇਣ ਲਗ ਪਈ ਹੈ। ਉਨ੍ਹਾਂ ਕਿਹਾ ਕਿ ਹੁਣ ਸਮੇਂ ਦੀ ਲੋੜ ਭਰੋਸੇ ਨੂੰ ਬਹਾਲ ਕਰਨ, ਵਿਤੀ ਸਥਿਤਰਾ ਨੂੰ ਬਰਕਰਾਰ ਰਖਣ, ਵਿਕਾਸ ਨੂੰ ਤੇਜ਼ ਕਰਨ ਅਤੇ ਇਕ ਮਜ਼ਬੂਤ ਵਾਪਸੀ ਕਰਨ ਦੀ ਹੈ। ਦਾਸ ਨੇ 7ਵੇਂ ਐਸਬੀਆਈ ਬੈਂਕਿੰਗ ਐਂਡ ਇਕਨਾਮਿਕਸ ਕਨਕਲੇਵ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਾਕਡਾਊਨ ਦੀਆਂ ਪਾਬੰਦੀਆਂ ਵਿਚ ਢਿੱਲ ਦਿਤੇ ਜਾਣ ਨਾਲ ਭਾਰਤੀ ਅਰਥਵਿਵਸਥਾ ਹੁਣ ਸਾਧਾਰਣ ਸਥਿਤੀ ਵਲ ਪਰਤਣ ਦੇ ਸੰਕੇਤ ਦੇ ਰਹੀ ਹੈ।

ਉਨ੍ਹਾਂ ਕਿਹਾ ਕਿ ਸੰਕਟ ਦੇ ਸਮੇਂ ਭਾਰਤੀ ਕੰਪਨੀਆਂ ਅਤੇ ਉਦਯੋਗਾਂ ਨੇ ਵਧੀਆ ਹੁੰਗਾਰਾ ਦਿਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਹਾਲਾਂਕਿ ਸਪਲਾਈ ਚੇਨ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਵਿਚ ਕਿੰਨਾ ਸਮਾਂ ਲਗੇਗਾ ਇਸ ਬਾਰੇ ਹਾਲੇ ਕਿਹਾ ਨਹੀਂ ਜਾ ਸਕਦਾ। ਇਹ ਵੀ ਅਸਪਸ਼ਟ ਹੈ ਕਿ ਇਸ ਮਹਾਂਮਾਰੀ ਦਾ ਸਾਡੇ ਸੰਭਾਵੀਂ ਵਾਧੇ 'ਤੇ ਕਿਸ ਤਰ੍ਹਾਂ ਦਾ ਸਥਾਈ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਤੋਂ ਬਾਅਦ ਇਕ ਬਹੁਤ ਵੱਖਰੀ ਦੁਨੀਆਂ ਵਿਚ ਸ਼ਾਇਦ ਅਰਥ ਵਿਵਸਥਾ ਦੇ ਅੰਦਰ ਉਤਪਾਦਨ ਦੇ ਕਾਰਕਾਂ ਦੀ ਮੁੜ ਵੰਡ ਅਤੇ ਆਰਥਕ ਗਤੀਵਿਧੀਆਂ ਦੇ ਵਿਸਥਾਰ ਦੇ ਨਵੇਂ ਤਰੀਕਿਆਂ ਨਾਲ ਕੁੱਝ ਮੁੜ ਕੇ ਸੰਤੁਲਨ ਪੈਦਾ ਹੋਵੇਗਾ ਅਤੇ ਆਰਥਕ ਵਿਕਾਸ ਨੂੰ ਤੇਜ਼ ਕਰਨ ਲਈ ਨਵੇਂ ਕਾਰਕ ਸਾਹਮਣੇ ਆਉਣਗੇ।

ਦਾਸ ਨੇ ਕਿਹਾ ਕਿ ਰਿਜ਼ਰਵ ਬੈਂਕ ਵਿਤੀ ਸਥਿਰਤਾ ਨੂੰ ਬਰਕਾਰ ਰੱਖਣ, ਬੈਂਕਿੰਗ ਪ੍ਰਣਾਲੀ ਨੂੰ ਸਤੁੰਲਿਤ ਕਰਨ ਅਤੇ ਆਰਥਕ ਗਤੀਵਿਧੀਆਂ ਨੂੰ ਬਣਾਈ ਰੱਖਣ ਲਈ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਬਾਅਦ ਯੁੰਗ ਵਿਚ ਚੱਕਾ ਵਿਰੋਧੀ ਰੈਗੂਲੇਟਰੀ ਉਪਾਵਾਂ ਨੂੰ ਯੋਜਨਾਬੱਧ ਤਰੀਕੇ ਨਾਲ ਨਜਿੱਠਣ ਲਈ ਬਹੁਤ ਸਾਵਧਾਨੀ ਨਾਲ ਇਕ ਰਾਸਤੇ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਗਵਰਨਰ ਨੇ ਕਿਹਾ ਕਿ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐਮਪੀਸੀ) ਨੇ ਆਰਥਕ ਵਿਕਾਸ ਦੇ ਸਮਰਥਨ ਲਈ ਫ਼ਰਵਰੀ 2019 ਤੋਂ ਨੀਤੀਗਤ ਦਰਾਂ ਵਿਚ 2.5 ਫ਼ੀ ਸਦੀ ਦੀ ਕਟੌਤੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਦੀਆਂ ਰਵਾਇਤੀ ਅਤੇ ਗ਼ੈਰ ਰਵਾਇਤੀ ਮੁਦਰਾ ਨੀਤੀਆਂ ਅਤੇ ਤਰਲਤਾ ਉਪਾਅ ਬਾਜ਼ਾਰ ਦਾ ਵਿਸ਼ਵਾਸ ਬਹਾਲ ਕਰਨਾ, ਤਰਲਤਾ ਦੀਆਂ ਰੁਕਾਵਾਟਾਂ ਨੂੰ ਘੱਟ ਕਰਨਾ, ਵਿੱਤੀ ਹਾਲਤਾਂ ਵਿਚ ਢਿੱਲ ਦੇਣੀ, ਕਰਜ਼ੇ ਦੀ ਮਾਰਕੀਟ ਦੀ ਖੜੋਤ ਅਤੇ ਉਸਾਰੂ ਉਦੇਸ਼ਾਂ ਨੂੰ ਵਿਤੀ ਸਰੋਤ ਪ੍ਰਦਾਨ ਕਰਨ 'ਤੇ ਕੇਂਦਰਤ ਹਨ। ਦਾਸ ਨੇ ਕਿਹਾ ਕਿ ਵਿਆਪਕ ਉਦੇਸ਼ ਵਿੱਤੀ ਸਥਿਰਤਾ ਨੂੰ ਬਚਾਉਂਦੇ ਹੋਏ ਵਿਕਾਸ ਦੇ ਦ੍ਰਿਸ਼ਟੀਕੋਣ ਦੇ ਜੋਖ਼ਮਾਂ ਨੂੰ ਦੂਰ ਕਰਨਾ ਸੀ। ਉਨ੍ਹਾਂ ਕਿਹਾ ਕਿ ਕੋਵਿਡ-19 ਮਹਾਂਮਾਰੀ ਦਾ ਠੀਕ-ਠਾਕ ਅਸਰ ਹੋਣ ਦੇ ਬਾਅਦ ਵੀ ਸਾਰੀਆਂ ਭੁਗਤਾਨ ਪ੍ਰਣਾਲੀਆਂ ਅਤੇ ਵਿੱਤੀ ਬਜ਼ਾਰਾਂ ਸਮੇਤ ਦੇਸ਼ ਦੀ ਵਿੱਤੀ ਪ੍ਰਣਾਲੀ ਬਿਨਾ ਕਿਸੇ ਰੁਕਾਵਾਟ ਦੇ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਵਿੱਤੀ ਸਥਿਰਤਾ ਦੀ ਸੁਰਖਿਆ ਨੂੰ ਯਕੀਨੀ ਬਣਾਉਣ ਲਈ ਵਿੱਤੀ ਸਥਿਰਤਾ ਲਈ ਖ਼ਤਰਿਆਂ ਦੇ ਬਦਲ ਰਹੇ ਸੁਭਾਅ ਅਤੇ ਨਿਗਰਾਨੀ ਦੀ ਰੂਪਰੇਖਾ ਵਿਚ ਸੁਧਾਰ ਕਰਨ ਲਈ ਨਿਰੰਤਰ ਮੁਲਾਂਕਣ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕਾਂ ਨੂੰ ਸਥਿਤੀ ਪੈਦਾ ਹੋਣ ਦੀ ਉਡੀਕ ਕੀਤੇ ਬਗ਼ੈਰ ਅਪਣੀ ਕੰਪਨੀ ਦੇ ਕੰਮਕਾਜ ਵਿਚ ਸੁਧਾਰ ਕਰਨਾ ਪਵੇਗਾ, ਰੋਖ਼ਮ ਪ੍ਰਬੰਧਾਂ ਨੂੰ ਤਿੱਖਾ ਕਰਨਾ ਪਵੇਗਾ ਅਤੇ ਭਵਿੱਖਬਾਣੀ ਦੇ ਅਧਾਰ 'ਤੇ ਪੂੰਜੀ ਵਧਾਉਣੀ ਪਵੇਗੀ। ਦਾਸ ਨੇ ਕਿਹਾ ਕਿ ਤਾਲਾਬੰਦੀ ਕਾਰਨ ਰਿਜ਼ਰਵ ਬੈਂਕ ਦੀ ਥਾਂ-ਥਾਂ ਨਿਗਰਾਨੀ ਕਰਨ ਦੀ ਯੋਗਤਾ ਨੂੰ ਭਾਰੀ ਠੇਸ ਪਹੁੰਚੀ ਹੈ, ਇਸ ਲਈ ਕੇਂਦਰੀ ਬੈਂਕ  ਆਫ਼ ਸਾਈਟ ਨਿਗਰਾਨੀ ਲਈ ਅਪਣੇ ਸਿਸਟਮ ਨੂੰ ਮਜ਼ਬੂਤ ਕਰ ਰਿਹਾ ਹੈ।