ਭਾਖੜਾ ਬੰਨ੍ਹ ਤੋਂ 13 ਜੁਲਾਈ ਨੂੰ 16,000 ਕਿਊਸਿਕ ਵਾਧੂ ਪਾਣੀ ਛਡਿਆ ਜਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸ੍ਰੀ ਆਨੰਦਪੁਰ ਸਾਹਿਬ ਅਤੇ ਨੰਗਲ ਨਹਿਰਾਂ ’ਚ ਵਧੇਗਾ ਪਾਣੀ ਦਾ ਪ੍ਰਵਾਹ

photo

ਊਨਾ (ਹਿਮਾਚਲ ਪ੍ਰਦੇਸ਼), 12 ਜੁਲਾਈ: ਹਿਮਾਚਲ ਪ੍ਰਦੇਸ਼ ਵਿਚ ਵੀਰਵਾਰ ਨੂੰ ਸਤਲੁਜ ਦਰਿਆ ’ਚ 16,000 ਕਿਊਸਿਕ ਵਾਧੂ ਪਾਣੀ ਛਡਿਆ ਜਾਵੇਗਾ ਕਿਉਂਕਿ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਸ਼ ਕਾਰਨ ਭਾਖੜਾ ਬੰਨ੍ਹ ਵਿਚ ਪਾਣੀ ਦਾ ਪੱਧਰ ਵੱਧ ਗਿਆ ਹੈ। ਊਨਾ ਦੇ ਡਿਪਟੀ ਕਮਿਸ਼ਨਰ ਰਾਘਵ ਸ਼ਰਮਾ ਨੇ ਬੁਧਵਾਰ ਨੂੰ ਕਿਹਾ ਕਿ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀ.ਬੀ.ਐੱਮ.ਬੀ.) ਨੰਗਲ ਦੇ ਅਧਿਕਾਰੀਆਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ 13 ਜੁਲਾਈ ਨੂੰ ਸਵੇਰੇ 10 ਵਜੇ ਤੋਂ 16,000 ਕਿਊਸਿਕ ਵਾਧੂ ਪਾਣੀ ਛਡਿਆ ਜਾਵੇਗਾ।

ਇਸ ਸਮੇਂ ਭਾਖੜਾ ਬੰਨ੍ਹ ਤੋਂ 19,000 ਕਿਊਸਿਕ ਪਾਣੀ ਛਡਿਆ ਜਾ ਰਿਹਾ ਹੈ ਅਤੇ 16,000 ਕਿਊਸਿਕ ਵਾਧੂ ਛੱਡਣ ਨਾਲ ਕੁਲ ਛੱਡੇ ਜਾਣ ਵਾਲੇ ਪਾਣੀ ਦੀ ਮਾਤਰਾ 35,000 ਕਿਊਸਿਕ ਹੋ ਜਾਵੇਗੀ। ਰਾਘਵ ਸ਼ਰਮਾ ਨੇ ਦਸਿਆ ਕਿ ਸਤਲੁਜ ਤੋਂ ਨੱਕੀਆਂ, ਲੋਖੰਡ ਅਤੇ ਰੋਪੜ ਤਾਪ ਬਿਜਲੀ ਘਰਾਂ ਰਾਹੀਂ 30,000 ਕਿਊਸਿਕ ਪਾਣੀ ਛਡਿਆ ਜਾਵੇਗਾ।

ਉਨ੍ਹਾਂ ਚੇਤਾਵਨੀ ਦਿਤੀ ਕਿ ਬਾਰਸ਼ ਕਾਰਨ ਸਥਾਨਕ ਟੋਇਆਂ ਦਾ ਪਾਣੀ ਭਾਖੜਾ ਅਤੇ ਨੰਗਲ ਬੰਨ੍ਹਾਂ ਵਿਚ ਆ ਜਾਂਦਾ ਹੈ, ਜਿਸ ਕਾਰਨ ਨੰਗਲ ਬੰਨ੍ਹ ਤੋਂ ਹੇਠਾਂ ਵਲ ਵਗ ਰਹੇ ਪਾਣੀ ਵਿਚ ਕੁਝ ਸਮੇਂ ਲਈ ਕਰੀਬ 5000 ਕਿਊਸਿਕ ਪਾਣੀ ਦਾ ਵਾਧਾ ਹੋ ਸਕਦਾ ਹੈ। ਅਧਿਕਾਰੀ ਨੇ ਦਸਿਆ ਕਿ ਕਿਸੇ ਹੋਰ ਸਮੱਸਿਆ ਜਾਂ ਸੰਕਟ ਨਾਲ ਨਜਿੱਠਣ ਲਈ ਨੰਗਲ ਤੋਂ ਸ੍ਰੀ ਆਨੰਦਪੁਰ ਸਾਹਿਬ ਹਾਈਡ੍ਰੋਇਲੈਕਟ੍ਰਿਕ ਚੈਨਲ ਅਤੇ ਨੰਗਲ ਹਾਈਡ੍ਰੋਇਲੈਕਟ੍ਰਿਕ ਚੈਨਲ ਤਕ ਸਤਲੁਜ ਦਰਿਆ ਦੇ ਹੇਠਲੇ ਹਿੱਸੇ ਵਿਚ ਪਾਣੀ ਦਾ ਵਹਾਅ ਥੋੜ੍ਹੇ ਸਮੇਂ ਲਈ ਵਧ ਸਕਦਾ ਹੈ। ਸੂਬਾ ਸਰਕਾਰ ਨੇ ਲੋਕਾਂ ਨੂੰ ਦਰਿਆਵਾਂ ਤੋਂ ਦੂਰ ਰਹਿਣ ਦੀ ਸਲਾਹ ਦਿਤੀ ਹੈ।