ਪੀਐਮ ਮੋਦੀ ਫਰਾਂਸ ਤੋਂ ਵਾਪਸੀ 'ਤੇ ਜਾਣਗੇ ਯੂਏਈ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੋਦੀ 14 ਜੁਲਾਈ ਨੂੰ ਫਰਾਂਸ ਵਿਚ ਬੈਸਟਿਲ ਦਿਵਸ ਸਮਾਰੋਹ ਵਿਚ ਮਹਿਮਾਨ ਵਜੋਂ ਸ਼ਾਮਲ ਹੋਣਗੇ

photo

 

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 15 ਜੁਲਾਈ ਨੂੰ ਆਬੂ ਧਾਬੀ ਜਾਣਗੇ, ਫਰਾਂਸ ਦਾ ਦੋ ਦਿਨਾ ਦੌਰਾ ਪੂਰਾ ਕਰ ਕੇ ਵਾਪਸ ਪਰਤਣਗੇ। ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿਤੀ।

ਮੰਤਰਾਲੇ ਦੇ ਬਿਆਨ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਆਪਣੀ ਯਾਤਰਾ ਦੌਰਾਨ ਸੰਯੁਕਤ ਅਰਬ ਅਮੀਰਾਤ (ਯੂਏਈ) ਦੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਗੱਲਬਾਤ ਕਰਨਗੇ।

ਬਿਆਨ ਵਿਚ ਕਿਹਾ ਗਿਆ ਹੈ, "ਭਾਰਤ-ਯੂਏਈ ਦੀ ਵਿਆਪਕ ਰਣਨੀਤਕ ਭਾਈਵਾਲੀ ਲਗਾਤਾਰ ਮਜ਼ਬੂਤ ਹੁੰਦੀ ਜਾ ਰਹੀ ਹੈ ਅਤੇ ਪ੍ਰਧਾਨ ਮੰਤਰੀ ਦੀ ਯਾਤਰਾ ਊਰਜਾ, ਸਿੱਖਿਆ, ਸਿਹਤ ਸੰਭਾਲ, ਭੋਜਨ ਸੁਰੱਖਿਆ, ਫਿਨਟੇਕ, ਰੱਖਿਆ ਅਤੇ ਸੱਭਿਆਚਾਰ ਸਮੇਤ ਵੱਖ-ਵੱਖ ਖੇਤਰਾਂ ਵਿਚ ਇਸ ਨੂੰ ਹੋਰ ਡੂੰਘਾ ਬਣਾਉਣ ਦੇ ਰਸਤੇ ਲੱਭਣ ਦੇ ਮੌਕੇ ਪ੍ਰਦਾਨ ਕਰੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ 13-14 ਜੁਲਾਈ ਨੂੰ ਫਰਾਂਸ ਦੇ ਦੌਰੇ 'ਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਦੀ ਇਹ ਯਾਤਰਾ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇ ਸੱਦੇ 'ਤੇ ਹੋ ਰਹੀ ਹੈ। ਮੋਦੀ 14 ਜੁਲਾਈ ਨੂੰ ਫਰਾਂਸ ਵਿਚ ਬੈਸਟਿਲ ਦਿਵਸ ਸਮਾਰੋਹ ਵਿਚ ਮਹਿਮਾਨ ਵਜੋਂ ਸ਼ਾਮਲ ਹੋਣਗੇ। ਇਸ ਵਿਚ ਭਾਰਤੀ ਫੌਜ ਦੇ ਤਿੰਨੋਂ ਵਿੰਗਾਂ ਦੀ ਟੁਕੜੀ ਵੀ ਹਿੱਸਾ ਲੈ ਰਹੀ ਹੈ।

ਵਿਦੇਸ਼ ਮੰਤਰਾਲੇ ਦੇ ਅਨੁਸਾਰ, ਰਾਸ਼ਟਰਪਤੀ ਮੈਕਰੋਨ ਪ੍ਰਧਾਨ ਮੰਤਰੀ ਦੇ ਸਨਮਾਨ ਵਿਚ ਇੱਕ ਸਰਕਾਰੀ ਦਾਅਵਤ ਅਤੇ ਇੱਕ ਨਿੱਜੀ ਰਾਤ ਦੇ ਖਾਣੇ ਦੀ ਮੇਜ਼ਬਾਨੀ ਕਰਨਗੇ। ਦੋਵਾਂ ਨੇਤਾਵਾਂ ਵਿਚਾਲੇ ਵੱਖ-ਵੱਖ ਮੁੱਦਿਆਂ 'ਤੇ ਵਿਆਪਕ ਚਰਚਾ ਹੋਵੇਗੀ।

ਇਸ ਵਿਚ ਕਿਹਾ ਗਿਆ ਹੈ ਕਿ,"ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਪ੍ਰਧਾਨ ਮੰਤਰੀ ਅਤੇ ਸੈਨੇਟ ਅਤੇ ਨੈਸ਼ਨਲ ਅਸੈਂਬਲੀ ਦੇ ਪ੍ਰਧਾਨਾਂ ਨਾਲ ਵੀ ਮੁਲਾਕਾਤ ਕਰਨ ਵਾਲੇ ਹਨ।"

ਵੱਖਰੇ ਤੌਰ 'ਤੇ, ਪ੍ਰਧਾਨ ਮੰਤਰੀ ਮੋਦੀ ਫਰਾਂਸ ਵਿਚ ਭਾਰਤੀ ਭਾਈਚਾਰੇ ਦੇ ਮੈਂਬਰਾਂ, ਭਾਰਤੀ ਅਤੇ ਫਰਾਂਸੀਸੀ ਕੰਪਨੀਆਂ ਦੇ ਸੀਈਓਜ਼ ਅਤੇ ਫਰਾਂਸੀਸੀ ਪਤਵੰਤਿਆਂ ਨਾਲ ਵੀ ਗੱਲਬਾਤ ਕਰਨਗੇ।
ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪ੍ਰਧਾਨ ਮੰਤਰੀ ਦੀ ਯਾਤਰਾ ਰਣਨੀਤਕ, ਵਿਗਿਆਨਕ, ਅਕਾਦਮਿਕ ਅਤੇ ਆਰਥਿਕ ਸਹਿਯੋਗ ਵਰਗੇ ਵਿਭਿੰਨ ਖੇਤਰਾਂ ਵਿਚ ਭਵਿੱਖ ਵਿਚ ਸਹਿਯੋਗ ਦੀ ਪੜਚੋਲ ਕਰਨ ਦਾ ਮੌਕਾ ਪ੍ਰਦਾਨ ਕਰੇਗੀ।