ਨਹਿਰੂ ਪੰਡਤ ਨਹੀਂ ਸੀ ਕਿਉਂਕਿ ਉਹ ਗਊ ਤੇ ਸੂਰ ਦਾ ਮਾਸ ਖਾਂਦੇ ਸਨ : ਭਾਜਪਾ ਵਿਧਾਇਕ
ਰਾਜਸਥਾਨ ਦੇ ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਪੰਡਤ ਨਹੀਂ ਸਨ ਕਿਉਂਕਿ ਉਹ ਗਊ ਅਤੇ ਸੂਰ ਦਾ ਮਾਸ ਖਾਂਦੇ ਸਨ
ਜੈਪੁਰ, 11 ਅਗੱਸਤ : ਰਾਜਸਥਾਨ ਦੇ ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਕਿਹਾ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਪੰਡਤ ਨਹੀਂ ਸਨ ਕਿਉਂਕਿ ਉਹ ਗਊ ਅਤੇ ਸੂਰ ਦਾ ਮਾਸ ਖਾਂਦੇ ਸਨ। ਅਪਣੇ ਵਿਵਾਦਮਈ ਬਿਆਨਾਂ ਕਾਰਨ ਚਰਚਾ ਵਿਚ ਰਹਿਣ ਵਾਲੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਹਲਕੇ ਦੇ ਵਿਧਾਇਕ ਨੇ ਨਹਿਰੂ ਗਾਂਧੀ ਪਰਵਾਰ ਨੂੰ ਦੇਸ਼ ਵਿਚ ਫੈਲੀਆਂ ਸਾਰੀਆਂ ਸਮਾਜਕ ਅਲਾਮਤਾਂ ਲਈ ਜ਼ਿੰਮੇਵਾਰ ਦਸਿਆ। ਉਨ੍ਹਾਂ ਕਿਹਾ, 'ਨਹਿਰੂ ਨੂੰ ਪੰਡਤ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਹ ਗਊ ਅਤੇ ਸੂਰ ਦਾ ਮਾਸ ਖਾਂਦੇ ਸਨ। ਕਾਂਗਰਸ ਨੇ ਉਸ ਦੇ ਨਾਮ ਅੱਗੇ ਪੰਡਤ ਲਾਇਆ ਹੈ।'
ਉਹ ਕਾਂਗਰਸ ਦੇ ਸੂਬਾਈ ਮੁਖੀ ਸਚਿਨ ਪਾਇਲਟ ਦੇ ਬਿਆਨ ਕਿ ਰਾਹੁਲ ਗਾਂਧੀ ਨੇ ਅਪਣੀ ਦਾਦੀ ਇੰਦਰਾ ਗਾਂਧੀ ਤੋਂ ਮੰਦਰਾਂ ਵਿਚ ਜਾਣਾ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਰਾਹੁਲ ਕਦੇ ਵੀ ਇੰਦਰਾ ਗਾਂਧੀ ਨਾਲ ਮੰਦਰਾਂ ਵਿਚ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਇਹ ਗੱਲ ਕੋਈ ਗ਼ਲਤ ਸਾਬਤ ਕਰ ਦੇਵੇ ਤਾਂ ਉਹ ਅਪਣਾ ਅਹੁਦਾ ਛੱਡਣ ਲਈ ਤਿਆਰ ਹੈ। ਉਨ੍ਹਾਂ ਕਿਹਾ, 'ਕਾਂਗਰਸ ਆਗੂ ਅਸ਼ੋਕ ਗਹਿਲੋਤ, ਸਚਿਨ ਪਾਇਲਟ ਅਤੇ ਗ਼ੁਲਾਮ ਨਬੀ ਆਜ਼ਾਦ ਨੂੰ ਦਸਣਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਦਾ 'ਯਗਨੋਪਵੀਤ ਸੰਸਕਾਰ' ਕਦੋਂ ਹੋਇਆ?
ਉਨ੍ਹਾਂ ਕਾਂਗਰਸ ਵਿਰੁਧ ਜਾਤ-ਪਾਤ ਦੀ ਰਾਜਨੀਤੀ ਕਰਨ ਦਾ ਦੋਸ਼ ਲਾਇਆ ਅਤੇ ਮੰਗ ਕੀਤੀ ਕਿ ਨਹਿਰੂ-ਗਾਂਧੀ ਪਰਵਾਰ ਦੀਆਂ ਸਾਰੀਆਂ ਮੂਰਤੀਆਂ ਤੋੜ ਦਿਤੀਆਂ ਜਾਣ ਅਤੇ ਉਨ੍ਹਾਂ ਦੇ ਨਾਮ 'ਤੇ ਬਣੀਆਂ ਯਾਦਗਾਰਾਂ ਵੀ ਢਾਹ ਦਿਤੀਆਂ ਜਾਣ। 2016 ਵਿਚ ਭਾਜਪਾ ਵਿਧਾਇਕ ਨੇ ਕਿਹਾ ਸੀ ਕਿ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਸੈਕਸ ਅਤੇ ਨਸ਼ਿਆਂ ਦਾ ਅੱਡਾ ਹੈ ਜਿਥੇ ਹਰ ਰੋਜ਼ 3 ਹਜ਼ਾਰ ਵਰਤੇ ਹੋਏ ਨਿਰੋਧ ਅਤੇ ਦੋ ਹਜ਼ਾਰ ਸ਼ਰਾਬ ਦੀਆਂ ਬੋਤਲਾਂ ਮਿਲਦੀਆਂ ਹਨ।