ਸਾਡੀ ਪਹਿਲ ਪਿਛੋਂ ਹੋਰਨਾਂ ਸੂਬਿਆਂ ਨੇ ਵੀ ਪਲਾਜ਼ਮਾ ਬੈਂਕ ਕਾਇਮ ਕੀਤੇ: ਕੇਜਰੀਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਹੁਣ ਤਕ 710 ਨਾਜ਼ੁਕ ਕਰੋਨਾ ਮਰੀਜ਼ਾਂ ਨੂੰ ਪਲਾਜ਼ਮਾ ਦਿਤਾ ਜਾ ਚੁਕੈ ਤੇ 921 ਨੇ ਦਾਨ ਕੀਤੈ ਪਲਾਜ਼ਮਾ  

Arvind Kejriwal

ਨਵੀਂ ਦਿੱਲੀ, 11 ਅਗੱਸਤ (ਅਮਨਦੀਪ ਸਿੰਘ) : ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਦਿੱਲੀ ਸਰਕਾਰ ਦੀ ਪਹਿਲ ਨਾਲ ਅਈ ਐਲ ਬੀ ਐਸ ਅਤੇ ਐਲ ਐਨ ਜੇ ਪੀ ਹਸਪਤਾਲ ਵਿਖੇ ਸ਼ੁਰੂ ਕੀਤੇ ਗਏ ਪਲਾਜ਼ਮਾਂ ਬੈਂਕ ਕਰੋਨਾ ਦੇ ਨਾਜ਼ੁਕ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਹੇ ਹਨ, ਹੁਣ ਤੱਕ ਵੱਖ-ਵੱਖ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ 710 ਨਾਜ਼ੁਕ ਮਰੀਜ਼ਾਂ ਨੂੰ ਮੁਫ਼ਤ ਪਲਾਜ਼ਮਾ ਦਿਤਾ ਗਿਆ ਜਿਸ ਨਾਲ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਚੁਕਾ ਹੈ।
ਉਨ੍ਹਾਂ ਕਿਹਾ, “ਦਿੱਲੀ ਸਰਕਾਰ ਵਲੋਂ ਪਲਾਜ਼ਮਾ ਬੈਂਕ ਖੋਲ੍ਹਣ ਦੀ ਪਹਿਲ ਪਿਛੋਂ ਹੁਣ ਦੂਜੇ ਸੂਬਿਆਂ ਦੀਆਂ ਸਰਕਾਰਾਂ ਨੇ ਵੀ ਪਲਾਜ਼ਮਾ ਰਾਹੀਂ  ਮਰੀਜ਼ਾਂ ਦੇ ਇਲਾਜ ਨੂੰ ਪ੍ਰਵਾਨਗੀ ਦਿਤੀ, ਸੋ ਅਹਿਮ ਗੱਲ ਹੈ।''

ਉਨ੍ਹਾਂ ਦਸਿਆ ਕਿ ਹੁਣ ਤੱਕ 921 ਲੋਕ ਪਲਾਜ਼ਮਾ ਦਾਨ ਕਰ ਚੁਕੇ ਹਨ ਤੇ 710 ਮਰੀਜ਼ਾਂ ਨੂੰ ਮੁਫ਼ਤ ਪਲਾਜ਼ਮਾ ਦੀ ਮਦਦ  ਦਿਤੀ ਗਈ ਹੈ। ਖ਼ੂਨ ਦੇ ਏ ਗਰੁੱਪ ਦੇ ਕਰੋਨਾ ਮਰੀਜ਼ਾਂ ਨੂੰ 171 ਅਤੇ ਓ ਗਰੱਪ ਦੇ 180 ਅਤੇ ਬੀ ਗਰੁੱਪ ਦੇ 269 ਮਰੀਜ਼ਾਂ ਨੂੰ ਪਲਾਜ਼ਮਾ ਦਿਤਾ ਗਿਆ। ਜਦੋਂ ਤੱਕ ਕੋਈ ਟੀਕਾ ਨਹੀਂ ਆ ਜਾਂਦਾ, ਉਦੋਂ ਤੱਕ ਪਲਾਜ਼ਮਾ ਥੈਰੇਪੀ ਇਕ ਵਧੀਆ ਇਲਾਜ ਸਾਬਤ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਕਰੋਨਾ ਨਾਲ ਤੰਦਰੁਸਤ ਹੋ ਚੁਕੇ ਵੱਖ ਵੱਖ ਖੇਤਰਾਂ ਨਾਲ ਸਬੰਧਤ,  ਜਿਨ੍ਹਾਂ ਵਿਚ ਵਿਦਿਆਰਥੀ, ਸਰਕਾਰੀ ਅਫ਼ਸਰ, ਮੀਡੀਆ ਮੁਲਾਜ਼ਮ, ਸਿਹਤ ਮੁਲਾਜ਼ਮ, ਨੌਕਰੀ ਪੇਸ਼ਾ ਤੇ ਪੁਲਿਸ ਆਦਿ ਨੇ ਪਲਾਜ਼ਮਾ ਦਾਨ ਦੇ ਕੇ, ਆਪਣਾ ਫ਼ਰਜ਼ ਨਿਭਾਇਆ ਹੈ।