ਰੂਸੀ ਕਰੋਨਾ ਵੈਕਸੀਨ 'ਤੇ ਵਿਵਾਦ ਜਾਰੀ, ਹੁਣ ਭਾਰਤ ਦੀ ਨਾਮੀ ਸੰਸਥਾ ਨੇ ਵੀ ਖੜ੍ਹੇ ਕੀਤੇ ਸ਼ੰਕੇ!

ਏਜੰਸੀ

ਖ਼ਬਰਾਂ, ਰਾਸ਼ਟਰੀ

ਟੀਕੇ ਦੇ ਅਸਰਦਾਰ ਅਤੇ ਸੁਰੱਖਿਅਤ ਹੋਣ ਬਾਰੇ ਜਾਣਕਾਰੀ ਹੋਣ ਤੋਂ ਕੀਤਾ ਇਨਕਾਰ

Corona vaccine

ਹੈਦਰਾਬਾਦ : ਕਰੋਨਾ ਵਾਇਰਸ ਦੇ ਪ੍ਰਕੋਪ ਨਾਲ ਜੂਝ ਰਹੀ ਦੁਨੀਆਂ ਇਸ ਤੋਂ ਛੁਟਕਾਰੇ ਦੇ ਉਪਾਅ ਲੱਭਣ 'ਚ ਮਸ਼ਰੂਫ ਹੈ। ਇਸੇ ਦੌਰਾਨ ਕਰੋਨਾ ਵੈਕਸੀਨ ਦੀ ਉਤਪਤੀ ਸਬੰਧੀ ਕਈ ਦਾਅਵੇ ਵੀ ਸਾਹਮਣੇ ਆਉਂਦੇ ਰਹੇ ਹਨ। ਉਧਰ ਰੂਸ ਨੇ ਕਰੋਨਾ ਮਹਾਮਾਰੀ ਨਾਲ ਲੜਨ ਲਈ ਟੀਕਾ ਤਿਆਰ ਕਰ ਕੇ ਮਾਰਕੀਟ 'ਚ ਉਤਾਰ ਦਿਤਾ ਹੈ। ਕਈ ਹੋਰ ਦੇਸ਼ ਵੀ ਕਰੋਨਾ ਵੈਕਸੀਨ ਬਣਾਉਣੇ ਨੇੜੇ ਪਹੁੰਚਣ ਦੇ ਦਾਅਵੇ ਕਰ ਰਹੇ ਹਨ।

ਪਰ ਰੂਸ ਵਲੋਂ ਤਿਆਰ ਕੀਤਾ ਗਿਆ ਟੀਕਾ ਸ਼ੱਕ ਦੇ ਘੇਰੇ 'ਚ ਆ ਗਿਆ ਹੈ। ਵਿਸ਼ਵ ਸਿਹਤ ਸੰਸਥਾ ਸਮੇਤ ਹੋਰ ਕਈ ਦੇਸ਼ਾਂ ਦੇ ਸਿਹਤ ਮਾਹਿਰ ਰੂਸ ਦੇ ਦਾਅਵਿਆਂ 'ਤੇ ਕਿੰਤੂ ਪ੍ਰੰਤੂ ਕਰ ਚੁੱਕੇ ਹਨ। ਹੁਣ ਭਾਰਤ ਦੇ ਨਾਮੀ ਸੰਸਥਾ ਨੇ ਟੀਕੇ ਸਬੰਧੀ ਢੁਕਵਾਂ ਡੇਟਾ ਉਪਲੱਬਧ ਨਾ ਹੋਣ ਦਾ ਹਵਾਲਾ ਦਿੰਦਿਆਂ ਇਸ ਦੀ ਸਟੀਕਤਾ 'ਤੇ ਸਵਾਲ ਖੜ੍ਹੇ ਕੀਤੇ ਹਨ।

ਸੰਸਥਾ ਮੁਤਾਬਕ ਡੇਟਾ ਉਪਲੱਬਧ ਨਾ ਹੋਣ ਕਾਰਨ ਇਸ ਟੀਕੇ ਦੇ ਅਸਰਦਾਰ ਹੋਣ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਸੈਂਟਰ ਆਫ਼ ਸੈਲੂਲਰ ਐਂਡ ਮੋਲੀਕਿਉਲਰ ਬਾਈਓਲੋਜੀ (CCMB) ਦੇ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਲੋਕ ਚੰਗੀ ਕਿਸਮਤ ਵਾਲੇ ਹੋਏ ਤਾਂ ਰੂਸ ਦਾ ਟੀਕਾ ਪ੍ਰਭਾਵਸ਼ਾਲੀ ਸਾਬਤ ਹੋਵੇਗਾ। ਸੰਸਥਾ  ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਰੂਸ ਦੇ ਟੀਕੇ ਦੇ ਪ੍ਰਭਾਵੀ ਤੇ ਸੁਰੱਖਿਅਤ ਹੋਣ ਦੇ ਦਾਵੇ ਤੇ ਟਿੱਪਣੀ ਕਰਨ ਨੂੰ ਮੁਸ਼ਕਲ ਦੱਸਿਆ।

ਕਾਬਲੇਗੌਰ ਹੈ ਕਿ ਬੀਤੇ ਕੱਲ੍ਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਬਿਆਨ ਦਿਤਾ ਸੀ ਕਿ ਰੂਸ ਨੇ ਕੋਰੋਨਾ ਨਾਲ ਲੜਨ ਵਾਲਾ ਟੀਕਾ ਬਣਾ ਲਿਆ ਹੈ। ਇਹ ਟੀਕਾ ਮਹਾਮਾਰੀ ਨਾਲ ਲੜਨ ਲਈ 'ਬਹੁਤ ਪ੍ਰਭਾਵੀ ਢੰਗ' ਨਾਲ ਕੰਮ ਕਰਦਾ ਹੈ। ਇਸ ਟੀਕੇ ਦੇ ਡੋਜ਼ ਰਾਸ਼ਟਰਪਤੀ ਪੂਤਿਨ ਦੀ ਲੜਕੀ ਨੂੰ ਦਿਤੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ।

ਭਾਰਤੀ ਸੰਸਥਾ ਮੁਤਾਬਕ ਟੀਕੇ ਦੇ ਅਸਰਦਾਰ ਹੋਣ ਤੇ ਸੁਰੱਖਿਅਤ ਹੋਣ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ। ਟੀਕਾ ਦਾ ਤੀਜੇ ਪੜਾਅ 'ਚ ਕੀਤਾ ਜਾਣ ਵਾਲਾ ਪ੍ਰੀਖਣ ਠੀਕ ਢੰਗ ਨਾਲ ਨਹੀਂ ਹੋਇਆ ਕਿਉਂਕਿ ਕਿਸੇ ਵੀ ਟੀਕੇ ਬਾਰੇ ਤੀਜੇ ਚਰਣ 'ਚ ਹੀ ਪਤਾ ਲੱਗਦਾ ਹੈ। ਜ਼ਿਕਰਯੋਗ ਗੱਲ ਇਹ ਹੈ ਵਿਸ਼ਵ ਸਹਿਤ ਸਗੰਠਨ ਸਮੇਤ ਅਮਰੀਕਾ ਵੀ ਰੂਸ ਦੇ ਦਾਅਵੇ ਤੇ ਸ਼ੱਕ ਕਰ ਰਿਹਾ ਹੈ। ਵਿਸ਼ਵ ਸਿਹਤ ਸੰਸਥਾ ਦਾ ਕਹਿਣਾ ਹੈ ਕਿ ਇਸ ਟੀਕੇ 'ਤੇ ਅਜੇ ਹੋਰ ਜਾਂਚ ਦੀ ਲੋੜ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।