ਹਿੰਦੀ ਭਾਸ਼ਾ ਥੋਪਣ ਦੀ ਕੋਸ਼ਿਸ਼!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਖ਼ਰ ਹਿੰਦੀ ਕਿਉਂ ਨਹੀਂ ਬਣ ਸਕੀ ਰਾਸ਼ਟਰ ਭਾਸ਼ਾ?

Kanimozhi Karunanidhi

ਅੱਜ ਅਸੀਂ ਗੱਲ ਕਰਾਂਗੇ ਹਿੰਦੀ ਭਾਸ਼ਾ ਦੀ, ਜਿਸ ਨੂੰ ਕਿਸੇ ਨਾ ਕਿਸੇ ਬਹਾਨੇ ਦੇਸ਼ ਵਾਸੀਆਂ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਂਝ ਇਹ ਕੋਸ਼ਿਸ਼ ਕੋਈ ਪਹਿਲੀ ਵਾਰ ਨਹੀਂ ਹੋਈ, ਪਹਿਲਾਂ ਵੀ ਅਜਿਹੀਆਂ ਕੋਸ਼ਿਸ਼ਾਂ ਕਈ ਵਾਰ ਹੋ ਚੁੱਕੀਆਂ ਨੇ ਪਰ ਇਸ ਦੇ ਬਾਵਜੂਦ ਵੀ ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਬਣ ਸਕੀ।

ਤਾਜ਼ਾ ਵਿਵਾਦ ਚੇਨੱਈ ਏਅਰਪੋਰਟ ਨਾਲ ਜੁੜਿਆ ਹੋਇਆ, ਜਿੱਥੇ ਡੀਐਮਕੇ ਸਾਂਸਦ ਕਨਿਮੋਝੀ ਨੂੰ ਕਥਿਤ ਤੌਰ 'ਤੇ ਹਿੰਦੀ ਨਾ ਆਉਣ ਕਾਰਨ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ। ਹੁਣ ਦੱਖਣ ਭਾਰਤ ਦੇ ਕਈ ਨੇਤਾ ਇਸੇ ਤਰ੍ਹਾਂ ਦੀ ਸ਼ਿਕਾਇਤ ਕਰ ਰਹੇ ਨੇ, ਇਸ ਦੇ ਨਾਲ ਹੀ ਇਹ ਮੁੱਦਾ ਇਕ ਵਾਰ ਫਿਰ ਉਛਲਣਾ ਸ਼ੁਰੂ ਹੋ ਗਿਆ ਕਿ ਕੀ ਹਿੰਦੀ ਜਾਣਨ 'ਤੇ ਹੀ ਕੋਈ ਭਾਰਤੀ ਹੋ ਸਕਦਾ? ਆਓ ਹੁਣ ਤੁਹਾਨੂੰ ਦੱਸਦੇ ਆਂ ਕਿ ਕੀ  ਹੈ ਇਹ ਸਾਰਾ ਵਿਵਾਦ?

ਦਰਅਸਲ ਡੀਐਮਕੇ ਸਾਂਸਦ ਕਨਿਮੋਝੀ ਨੂੰ ਏਅਰਪੋਰਟ 'ਤੇ ਤਾਇਨਾਤ ਕੇਂਦਰੀ ਰਿਜ਼ਰਵ ਪੁਲਿਸ ਬਲ ਦੀ ਮਹਿਲਾ ਕਾਂਸਟੇਬਲ ਨੇ ਹਿੰਦੀ ਵਿਚ ਕੁੱਝ ਕਿਹਾ, ਇਸ 'ਤੇ ਸਾਂਸਦ ਨੇ ਦੱਸਿਆ ਕਿ ਉਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਪਰ ਤਾਮਿਲ ਅਤੇ ਅੰਗਰੇਜ਼ੀ ਵਿਚ ਉਹ ਸਮਝ ਸਕਦੀ ਹੈ।

ਇਸ ਤੋਂ ਬਾਅਦ ਕਥਿਤ ਤੌਰ 'ਤੇ ਕਾਂਸਟੇਬਲ ਨੇ ਕਨਿਮੋਝੀ ਨੂੰ ਕਿਹਾ ਕਿ ਕੀ ਤੁਸੀਂ ਭਾਰਤੀ ਹੋ? ਸਾਂਸਦ ਨੇ ਅਪਣੇ ਨਾਲ ਹੋਈ ਇਸ ਘਟਨਾ 'ਤੇ ਟਵੀਟ ਕਰਕੇ ਗੁੱਸਾ ਜ਼ਾਹਿਰ ਕੀਤਾ। ਦੱਖਣ ਦੇ ਕਈ ਹੋਰ ਸੀਨੀਅਰ ਨੇਤਾ ਵੀ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਕਰ ਰਹੇ ਨੇ। ਪੰਜਾਬ ਵਿਚ ਵੀ ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਨੇ।

ਕਾਂਗਰਸੀ ਨੇਤਾ ਪੀ ਚਿਦੰਬਰਮ ਤੋਂ ਲੈ ਕੇ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐਚਡੀ ਕੁਮਾਰਸਵਾਮੀ ਨੇ ਵੀ ਕਿਹਾ ਕਿ ਹਿੰਦੀ ਨੂੰ ਲੈ ਕੇ ਉਨ੍ਹਾਂ ਨੂੰ ਵੀ ਕਈ ਵਾਰ ਭੇਦਭਾਵ ਦਾ ਸਾਹਮਣਾ ਕਰਨਾ ਪਿਆ। ਹਿੰਦੀ ਠੀਕ ਤਰ੍ਹਾਂ ਨਾ ਬੋਲ ਸਕਣ ਕਰਕੇ ਅੱਗੇ ਆਉਣ ਦੇ ਮੌਕੇ ਸੀਮਤ ਹੋ ਗਏ।

ਭਾਸ਼ਾ ਨੂੰ ਲੈ ਕੇ ਛਿੜਿਆ ਇਹ ਵਿਵਾਦ ਕੋਈ ਨਵਾਂ ਨਹੀਂ। ਅਕਸਰ ਹੀ ਦੱਖਣ ਭਾਰਤ ਤੋਂ ਅਜਿਹੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਨੇ ਕਿ ਉਨ੍ਹਾਂ 'ਤੇ ਹਿੰਦੀ ਥੋਪਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਥੋਂ ਤਕ ਕਿ ਹਿੰਦੀ ਨੂੰ ਰਾਸ਼ਟਰ ਭਾਸ਼ਾ ਬਣਾਏ ਜਾਣ 'ਤੇ ਵੀ ਕਾਫ਼ੀ ਵਿਵਾਦ ਹੋ ਚੁੱਕਿਆ। ਜੀ ਹਾਂ, ਹਿੰਦੀ ਰਾਸ਼ਟਰੀ ਭਾਸ਼ਾ ਨਹੀਂ ਹੈ। ਸੰਵਿਧਾਨ ਦੀ ਧਾਰਾ 343 ਦੇ ਮੁਤਾਬਕ ਇਹ ਵੀ ਅੰਗਰੇਜ਼ੀ ਵਾਂਗ ਰਾਜਭਾਸ਼ਾ ਹੈ।

ਯਾਨੀ ਇਨ੍ਹਾਂ ਭਾਸ਼ਾਵਾਂ ਵਿਚ ਸਰਕਾਰੀ ਕੰਮਕਾਜ ਹੁੰਦੇ ਨੇ। ਕੁਲ ਮਿਲਾ ਕੇ ਭਾਰਤ ਇਕ ਅਜਿਹਾ ਦੇਸ਼ ਐ, ਜਿੱਥੇ ਕੋਈ ਰਾਸ਼ਟਰੀ ਭਾਸ਼ਾ ਨਹੀਂ। ਹਾਲਾਂਕਿ ਦੇਸ਼ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਹਿੰਦੀ ਬੋਲਦੀ ਹੈ ਨਾਲ ਹੀ ਗ਼ੈਰ ਹਿੰਦੀ ਭਾਸ਼ਾ ਜਨ ਸੰਖਿਆ ਵਿਚ ਵੀ ਕਰੀਬ 20 ਫ਼ੀਸਦੀ ਲੋਕ ਹਿੰਦੀ ਸਮਝਦੇ ਨੇ।

ਇਹੀ ਦੇਖਦੇ ਹੋਏ ਖ਼ੁਦ ਮਹਾਤਮਾ ਗਾਂਧੀ ਨੇ ਹਿੰਦੀ ਨੂੰ ਜਨਮਾਨਸ ਦੀ ਭਾਸ਼ਾ ਕਿਹਾ ਸੀ। ਉਨ੍ਹਾਂ ਨੇ 1918 ਵਿਚ ਕਰਵਾਏ ਹਿੰਦੀ ਸਾਹਿਤ ਸੰਮੇਲਨ ਵਿਚ ਹਿੰਦੀ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਦੇਣ ਲਈ ਕਿਹਾ ਸੀ ਪਰ ਇਸ ਤੋਂ ਬਾਅਦ ਵੀ ਹਿੰਦੀ ਰਾਜ ਭਾਸ਼ਾ ਬਣ ਕੇ ਰਹਿ ਗਈ। ਇਸ ਦੀ ਵਜ੍ਹਾ ਇਹ ਹੈ ਕਿ ਦੇਸ਼ ਵਿਚ ਕਈ ਭਾਸ਼ਾਵਾਂ ਬੋਲਣ ਵਾਲੇ ਲੋਕ ਰਹਿੰਦੇ ਨੇ। ਅਜਿਹੇ ਵਿਚ ਜੇਕਰ ਇਕ ਭਾਸ਼ਾ ਨੂੰ ਰਾਸ਼ਟਰ ਭਾਸ਼ਾ ਦਾ ਦਰਜਾ ਮਿਲ ਜਾਵੇ ਤਾਂ ਦੂਜੀ ਭਾਸ਼ਾਵਾਂ ਦੇ ਲੋਕ ਨੀਵਾਂ ਮਹਿਸੂਸ ਕਰਨਗੇ।

ਇਤਿਹਾਸਕਾਰ ਰਾਮਚੰਦਰ ਗੁਹਾ ਦੀ ਕਿਤਾਬ 'ਇੰਡੀਆ ਆਫਟਰ ਗਾਂਧੀ' ਵਿਚ ਉਨ੍ਹਾਂ ਇਕ ਘਟਨਾ ਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਜਦੋਂ ਭਾਰਤੀ ਸੰਵਿਧਾਨ ਸਭਾ ਦੇ ਮੈਂਬਰ ਆਰ.ਵੀ ਧੁਲੇਕਰ ਨੇ ਹਿੰਦੀ ਵਿਚ ਅਪਣੀ ਗੱਲ ਕਹਿਣੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਟੋਕਿਆ ਗਿਆ ਕਿ ਸਭਾ ਵਿਚ ਕਈਆਂ ਨੂੰ ਹਿੰਦੀ ਨਹੀਂ ਆਉਂਦੀ।

ਇਸ 'ਤੇ ਧੁਲੇਕਰ ਨੇ ਕਿਹਾ ਕਿ ਜਿਨ੍ਹਾਂ ਨੂੰ ਹਿੰਦੀ ਨਹੀਂ ਆਉਂਦੀ ਉਨ੍ਹਾਂ ਨੂੰ ਹਿੰਦੁਸਤਾਨ ਵਿਚ ਰਹਿਣ ਦਾ ਹੱਕ ਨਹੀਂ। ਇਸ ਤੋਂ ਬਾਅਦ ਬਹਿਸ ਵਧਣ ਲੱਗੀ। ਦੇਸ਼ ਦੇ ਪਹਿਲੇ ਵਿੱਤ ਮੰਤਰੀ ਟੀਟੀ ਕ੍ਰਿਸ਼ਨਮਚਾਰੀ ਨੇ ਕਿਹਾ ਕਿ ਜੇਕਰ ਇਸ ਉਮਰ ਵਿਚ ਉਨ੍ਹਾਂ ਨੂੰ ਹਿੰਦੀ ਸਿੱਖਣ ਲਈ ਮਜਬੂਰ ਕੀਤਾ ਜਾਵੇ ਤਾਂ ਇਹ ਉਨ੍ਹਾਂ ਲਈ ਕਾਫ਼ੀ ਮੁਸ਼ਕਲ ਹੋਵੇਗਾ।

ਸਾਲ 1965 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਲਾਲ ਬਹਾਦੁਰ ਸਾਸ਼ਤਰੀ ਨੇ ਹਿੰਦੀ ਨੂੰ ਰਾਸ਼ਟਰ ਭਾਸ਼ਾ ਐਲਾਨ ਕਰਨ ਦਾ ਫ਼ੈਸਲਾ ਕੀਤਾ ਸੀ ਪਰ ਇਸ 'ਤੇ ਦੱਖਣ ਭਾਰਤ ਵਿਚ ਬਗ਼ਾਵਤ ਦੀ ਅੱਗ ਸੁਲਘ ਉਠੀ। ਡੀਐਮਕੇ ਦੀ ਅਗਵਾਈ ਵਿਚ ਦੱਖਣ ਵਿਚ ਹਿੰਦੀ ਕਿਤਾਬਾਂ ਸਾੜੀਆਂ ਗਈਆਂ। ਇਸ ਤੋਂ ਬਾਅਦ ਪੀਐਮ ਨੇ ਸਾਫ਼ ਕੀਤਾ ਕਿ ਗ਼ੈਰ ਹਿੰਦੀ ਭਾਸ਼ੀਆਂ ਨੂੰ ਡਰਨ ਦੀ ਲੋੜ ਨਹੀਂ, ਹਰ ਰਾਜ ਇਹ ਖ਼ੁਦ ਤੈਅ ਕਰ ਸਕਦਾ ਕਿ ਉਹ ਕਿਸ ਭਾਸ਼ਾ ਵਿਚ ਸਰਕਾਰੀ ਕੰਮਕਾਜ ਕਰੇਗਾ।

ਦੂਜੇ ਪਾਸੇ ਕਈ ਅਜਿਹੇ ਦੇਸ਼ ਨੇ, ਜਿੱਥੇ ਇਕ ਭਾਸ਼ਾ ਲੋਕਾਂ ਨੂੰ ਇਕ ਸੂਤਰ ਵਿਚ ਬੰਨ੍ਹ ਰਹੀ ਹੈ। ਅਪਣੀ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਬਣਾਉਣ ਦੀ ਸਭ ਤੋਂ ਵੱਡੀ ਉਦਾਹਰਨ ਇਜ਼ਰਾਈਲ ਹੈ। ਸਾਲ 1948 ਵਿਚ ਆਜ਼ਾਦ ਇਜ਼ਰਾਈਲ ਦੇ ਪਹਿਲੇ ਪ੍ਰਧਾਨ ਮੰਤਰੀ ਡੇਵਿਡ ਗੁਰੀਅਨ ਨੇ ਅਹੁਦਾ ਸੰਭਾਲਦੇ ਹੀ ਅਪਣੇ ਅਪਣੇ ਸਹਿਯੋਗੀਆਂ ਨਾਲ ਹਿਬਰੂ ਭਾਸ਼ਾ ਨੂੰ ਲੈ ਕੇ ਚਰਚਾ ਕੀਤੀ।

ਜ਼ਿਆਦਾਤਰ ਸਹਿਯੋਗੀਆਂ ਦਾ ਕਹਿਣਾ ਸੀ ਕਿ ਇਸ ਵਿਚ ਕਾਫ਼ੀ ਸਮਾਂ ਲੱਗੇਗਾ ਕਿਉਂਕਿ ਹਿਬਰੂ ਦੀ ਜਗ੍ਹਾ ਉਥੇ ਅਰਬੀ ਨੇ ਲੈ ਲਈ ਸੀ ਪਰ ਗੁਰੀਅਨ ਨੇ ਬਿਨਾਂ ਇਕ ਮਿੰਟ ਗਵਾਏ ਐਲਾਨ ਕਰ ਦਿੱਤਾ ਕਿ ਅਗਲੀ ਸਵੇਰ ਤੋਂ ਹਿਬਰੂ ਹੀ ਇਜ਼ਰਾਈਲ ਦੀ ਰਾਸ਼ਟਰੀ ਭਾਸ਼ਾ ਹੋਵੇਗੀ।

ਲੋਕਾਂ ਦੀ ਸਹੂਲਤ ਲਈ ਅਰਬੀ ਨੂੰ ਵਿਸ਼ੇਸ਼ ਭਾਸ਼ਾ ਦਾ ਦਰਜਾ ਮਿਲਿਆ। ਇਸ ਤੋਂ ਬਾਅਦ ਹੀ ਯਹੂਦੀ ਸਭਿਆਚਾਰ ਦੀ ਪ੍ਰਾਚੀਨ ਭਾਸ਼ਾ ਦਾ ਹਿਬਰੂ ਦਾ ਤੇਜ਼ੀ ਨਾਲ ਪ੍ਰਚਾਰ ਪ੍ਰਸਾਰ ਹੋਣਾ ਸ਼ੁਰੂ ਹੋਇਆ।

ਉਂਝ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅਜਿਹੇ ਫ਼ੈਸਲੇ ਲੈਣ ਵਿਚ ਮਾਹਿਰ ਨੇ, ਕਿਤੇ ਇਹ ਨਾ ਹੋਵੇ ਕਿ ਉਹ ਵੀ ਕਿਸੇ ਦਿਨ ਨੋਟਬੰਦੀ ਵਾਂਗ ਇਹ ਐਲਾਨ ਕਰ ਦੇਣ ਕਿ ਅੱਜ ਤੋਂ ਹਿੰਦੀ ਹੀ ਰਾਸ਼ਟਰੀ ਭਾਸ਼ਾ ਹੋਵੇਗੀ। ਜੇਕਰ ਅਜਿਹਾ ਹੋਇਆ ਤਾਂ ਭਾਰਤ ਵਿਚ ਵੱਡਾ ਵਿਵਾਦ ਖੜ੍ਹਾ ਹੋ ਸਕਦਾ। ਉਂਝ ਅਜਿਹਾ ਕਰਨ ਤੋਂ ਪਹਿਲਾਂ ਪੀਐਮ ਨੂੰ ਕਈ ਵਾਰ ਸੋਚਣਾ ਹੋਵੇਗਾ ਕਿਉਂਕਿ ਇਹ ਇਜ਼ਰਾਈਲ ਨਹੀਂ ਭਾਰਤ ਹੈ, ਜਿੱਥੇ ਇਕ ਜਾਂ ਦੋ ਨਹੀਂ ਬਲਕਿ ਕਈ ਭਾਸ਼ਾਵਾਂ ਦੇ ਲੋਕ ਰਹਿੰਦੇ ਨੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।