ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ, ਵੈਂਟੀਲੇਟਰ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਫ਼ੌਜ ਦੇ ਰਿਸਰਚ ਐਂਡ ਰੈਫ਼ਰਲ-ਆਰ ਐਂਡ ਆਰ-ਹਸਪਤਾਲ ਨੇ ਦਸਿਆ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ

Pranab Mukherjee

ਨਵੀਂ ਦਿੱਲੀ, 11 ਅਗੱਸਤ : ਫ਼ੌਜ ਦੇ ਰਿਸਰਚ ਐਂਡ ਰੈਫ਼ਰਲ-ਆਰ ਐਂਡ ਆਰ-ਹਸਪਤਾਲ ਨੇ ਦਸਿਆ ਹੈ ਕਿ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ।  ਇਕ ਦਿਨ ਪਹਿਲਾਂ ਹੀ ਉਨ੍ਹਾਂ ਦੀ ਬ੍ਰੇਨ ਸਰਜਰੀ ਹੋਈ ਸੀ। ਮੁਖਰਜੀ ਨੂੰ ਸੋਮਵਾਰ ਦੁਪਹਿਰੇ ਫ਼ੌਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ ਅਤੇ ਸਰਜਰੀ ਤੋਂ ਪਹਿਲਾਂ ਉਨ੍ਹਾਂ ਦੀ ਕੋਵਿਡ-19 ਰੀਪੋਰਟ ਪਾਜ਼ੇਟਿਵ ਆਈ ਸੀ।  ਹਸਪਤਾਲ ਦੁਆਰਾ ਜਾਰੀ ਮੈਡੀਕਲ ਬੁਲੇਟਿਨ ਵਿਚ ਕਿਹਾ ਗਿਆ, 'ਸਾਬਕਾ ਰਾਸ਼ਟਰਪਤੀ ਨੂੰ 10 ਅਗੱਸਤ ਨੂੰ ਗੰਭੀਰ ਹਾਲਤ ਵਿਚ 12 ਵਜੇ ਦਿੱਲੀ ਛਾਉਣੀ ਦੇ ਫ਼ੌਜੀ ਹਸਪਤਾਲ ਵਿਚ ਭਰਤੀ ਕਰਾਇਆ ਗਿਆ।'

ਹਸਪਤਾਲ ਵਿਚ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਉਨ੍ਹਾਂ ਦੇ ਬ੍ਰੇਨ ਵਿਚ ਵੱਡਾ ਟਿਊਮਰ ਸੀ ਜਿਸ ਲਈ ਉਨ੍ਹਾਂ ਦੀ ਤੁਰਤ ਸਰਜਰੀ ਕੀਤੀ ਗਈ। ਸਰਜਰੀ ਮਗਰੋਂ ਵੀ ਉਨ੍ਹਾਂ ਦੀ ਹਾਲਤ ਨਾਜ਼ੁਕ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਗਿਆ ਹੈ। ਵੱਖ ਵੱਖ ਮਾਹਰ ਡਾਕਟਰ ਉਨ੍ਹਾਂ ਦੀ ਸਿਹਤ 'ਤੇ ਨਿਗਰਾਨੀ ਰੱਖ ਰਹੇ ਹਨ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੁਖਰਜੀ ਦੀ ਬੇਟੀ ਸ਼ਰਮਿਠਾ ਮੁਖਰਜੀ ਨਾਲ ਸੋਮਵਾਰ ਸ਼ਾਮ ਨੂੰ ਗੱਲ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਿਆ।
ਰਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਹਸਪਤਾਲ ਦਾ ਦੌਰਾ ਕੀਤਾ ਅਤੇ ਸਾਬਕਾ ਰਾਸ਼ਟਰਪਤੀ ਦੀ ਸਿਹਤ ਦਾ ਜਾਇਜ਼ਾ ਲਿਆ। ਉਹ 20 ਮਿੰਟ ਤਕ ਹਸਪਤਾਲ ਵਿਚ ਰਹੇ। ਉਘੇ ਕਾਂਗਰਸੀ ਆਗੂ ਮੁਖਰਜੀ ਜੁਲਾਈ 2012 ਤੋਂ 2017 ਤਕ ਦੇਸ਼ ਦੇ ਰਾਸ਼ਟਰਪਤੀ ਰਹੇ।