ਕੋਰੋਨਾ ਵਿਰੁਧ ਲੜਾਈ ਵਿਚ ਦੇਸ਼ ਸਹੀ ਦਿਸ਼ਾ ਵਿਚ ਅੱਗੇ ਵੱਧ ਰਿਹੈ : ਮੋਦੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

80 ਫ਼ੀ ਸਦੀ ਕੇਸਾਂ ਵਾਲੇ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਬੈਠਕ

PM Modi

ਨਵੀਂ ਦਿੱਲੀ, 11 ਅਗੱਸਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 10 ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰ ਕੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਮੌਜੂਦਾ ਹਾਲਤ ਦੀ ਸਮੀਖਿਆ ਕੀਤੀ ਅਤੇ ਕਿਹਾ ਕਿ ਸਾਰੇ ਮਿਲ ਕੇ ਇਨ੍ਹਾਂ ਰਾਜਾਂ ਵਿਚ ਕੋਰੋਨਾ ਵਾਇਰਸ ਨੂੰ ਹਰਾਉਣ ਵਿਚ ਸਫ਼ਲ ਹੋ ਜਾਂਦੇ ਹਨ ਤਾਂ ਦੇਸ਼ ਵੀ ਜਿੱਤ ਜਾਵੇਗਾ ਕਿਉਂਕਿ ਅੱਜ 80 ਫ਼ੀ ਸਦੀ ਜ਼ੇਰੇ ਇਲਾਜ ਮਰੀਜ਼ ਇਨ੍ਹਾਂ ਰਾਜਾਂ ਵਿਚ ਹਨ।

ਵੀਡੀਉ ਕਾਨਫ਼ਰੰਸ ਜ਼ਰੀਏ ਹੋਈ ਬੈਠਕ ਵਿਚ ਆਂਧਰਾ ਪ੍ਰਦੇਸ਼, ਤਾਮਿਲਨਾਡੂ, ਪਛਮੀ ਬੰਗਾਲ, ਮਹਾਰਾਸ਼ਟਰ, ਪੰਜਾਬ, ਬਿਹਾਰ, ਗੁਜਰਾਤ, ਤੇਲੰਗਾਨਾ ਅਤੇ ਯੂਪੀ ਦੇ ਮੁੱਖ ਮੰਤਰੀਆਂ ਤੇ ਕਰਨਾਟਕ ਦੇ ਉਪ ਮੁੱਖ ਮੰਤਰੀ ਨੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਵਿਰੁਧ ਲੜਾਈ ਵਿਚ ਦੇਸ਼ ਸਹੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਪ੍ਰਧਾਨ ਮੰਤਰੀ ਨੇ ਮੁੱਖ ਮੰਤਰੀਆਂ ਨੂੰ ਸੰਬੋਧਤ ਕਰਦਿਆਂ ਕਿਹਾ, 'ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰ ਕੇ ਅਸਲ ਸਥਿਤੀ ਦੀ ਜਾਣਕਾਰੀ ਹੋਰ ਵਿਆਪਕ ਹੁੰਦੀ ਹੈ ਅਤੇ ਇਹ ਵੀ ਪਤਾ ਚਲਦਾ ਹੈ ਕਿ ਅਸੀਂ ਸਹੀ ਦਿਸ਼ਾ ਵਿਚ ਅੱਗੇ ਵੱਧ ਰਹੇ ਹਾਂ।'

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 80 ਫ਼ੀ ਸਦੀ ਐਕਟਿਵ ਮਾਮਲ ਇਨ੍ਹਾਂ 10 ਰਾਜਾਂ ਵਿਚ ਹਨ, ਇਸ ਲਈ ਕੋਰੋਨਾ ਵਾਇਰਸ ਵਿਰੁਧ ਲੜਾਈ ਵਿਚ ਇਨ੍ਹਾਂ ਸਾਰੇ ਰਾਜਾਂ ਦੀ ਭੂਮਿਕਾ ਬਹੁਤ ਵੱਡੀ ਹੈ। ਉਨ੍ਹਾਂ ਕਿਹਾ, 'ਅੱਜ ਦੇਸ਼ ਵਿਚ ਐਕਟਿਵ ਮਾਮਲੇ ਛੇ ਲੱਖ ਤੋਂ ਵੱਧ ਹੋ ਚੁਕੇ ਹਨ ਜਿਨ੍ਹਾਂ ਵਿਚੋਂ ਬਹੁਤੇ ਮਾਮਲੇ ਸਾਡੇ ਇਨ੍ਹਾਂ 10 ਰਾਜਾਂ ਵਿਚ ਹੀ ਹਨ। ਇਸ ਲਈ ਲੋੜ ਸੀ ਕਿ ਇਹ ਦਸ ਰਾਜ ਬੈਠਕ ਕਰ ਕੇ ਸਮੀਖਿਆ ਕਰਨ, ਗੱਲਬਾਤ ਕਰਨ। ਅੱਜ ਦੀ ਇਸ ਚਰਚਾ ਵਿਚ ਅਸੀਂ ਇਕ ਦੂਜੇ ਦੇ ਅਨੁਭਵਾਂ ਤੋਂ ਕਾਫ਼ੀ ਕੁੱਝ ਸਿੱਖਣ ਸਮਝਣ ਨੂੰ ਮਿਲਿਆ ਵੀ ਹੈ।'

ਮੋਦੀ ਨੇ ਕਿਹਾ ਕਿ ਅੱਜ ਦੀ ਬੈਠਕ ਵਿਚ ਕਿਤੇ ਨਾ ਕਿਤੇ ਇਹ ਗੱਲ ਨਿਕਲਦੀ ਹੈ, 'ਜੇ ਅਸੀਂ ਮਿਲ ਕੇ ਇਨ੍ਹਾਂ 10 ਰਾਜਾਂ ਵਿਚ ਕੋਰੋਨਾ ਨੂੰ ਹਰਾ ਦਿੰਦੇ ਹਨ ਤਾਂ ਦੇਸ਼ ਵੀ ਜਿੱਤ ਜਾਵੇਗਾ।' ਉਨ੍ਹਾਂ ਕਿਹਾ ਕਿ ਜਾਂਚ ਦੀ ਗਿਣਤੀ ਵੱਧ ਕੇ ਹਰ ਦਿਨ ਸੱਤ ਲੱਖ ਤਕ ਪਹੁੰਚ ਚੁਕੀ ਹੈ ਅਤੇ ਲਗਾਤਾਰ ਵੱਧ ਵੀ ਰਹੀ ਹੈ। ਉਨ੍ਹਾਂ ਕਿਹਾ, 'ਇਸ ਨਾਲ ਰੋਗ ਦੀ ਸ਼ੁਰੂਆਤ ਵਿਚ ਪਛਾਣ ਕਰਨ ਅਤੇ ਰੋਕਥਾਮ ਵਿਚ ਮਦਦ ਮਿਲੀ ਹੈ। ਦੇਸ਼ ਵਿਚ ਔਸਤ ਮੌਤ ਦਰ ਸੱਭ ਤੋਂ ਘੱਟ ਹੈ ਅਤੇ ਲਗਾਤਾਰ ਹੇਠਾਂ ਜਾ ਰਹੀ ਹੈ। ਐਕਟਿਵ ਮਾਮਲਿਆਂ ਦਾ ਫ਼ੀ ਸਦ ਘੱਟ ਹੋ ਰਿਹਾ ਹੈ ਜਦਕਿ ਠੀਕ ਹੋਣ ਦੀ ਦਰ ਵੀ ਵੱਧ ਰਹੀ ਹੈ।' 

ਕੈਪਟਨ ਨੇ ਮੰਗਿਆ ਆਰਥਕ ਪੈਕੇਜ- ਬੈਠਕ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਵਿਚ ਵਧਦੇ ਮਾਮਲਿਆਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲੋਂ ਆਰਥਕ ਪੈਕੇਜ ਦੀ ਮੰਗ ਕੀਤੀ। ਕੈਪਟਨ ਨੇ ਐਸਡੀਆਐਫ਼ ਤਹਿਤ ਕੋਰੋਨਾ ਸਬੰਧੀ ਖ਼ਰਚਿਆਂ ਲਈ ਰੱਖੀਆਂ ਗਈਆਂ ਸ਼ਰਤਾਂ ਨਰਮ ਕਰਨ ਦੀ ਬੇਨਤੀ ਕੀਤੀ ਅਤੇ ਕੇਂਦਰ ਸਰਕਾਰ ਦੇ ਜਾਂਚ ਕੇਂਦਰਾਂ ਵਿਚ ਕੋਰੋਨਾ ਜਾਂਚ ਦੀ ਸਮਰੱਥਾ ਵਧਾਉਣ ਦੀ ਵੀ ਬੇਨਤੀ ਕੀਤੀ।