ਇਕ ਦਿਨ ਵਿਚ ਨਵੇਂ ਮਰੀਜ਼ਾਂ ਦੀ ਗਿਣਤੀ ਘਟੀ, ਸਾਹਮਣੇ ਆਏ 53601 ਮਰੀਜ਼
24 ਘੰਟਿਆਂ ਵਿਚ 871 ਮਰੀਜ਼ਾਂ ਦੀ ਮੌਤ, ਠੀਕ ਹੋਣ ਦੀ ਦਰ 69.80 ਫ਼ੀ ਸਦੀ ਹੋਈ
ਨਵੀਂ ਦਿੱਲੀ, 11 ਅਗੱਸਤ : ਦੇਸ਼ ਵਿਚ ਕੋਰੋਨਾ ਵਾਇਰਸ ਲਾਗ ਦੇ ਇਕ ਦਿਨ ਵਿਚ ਸਾਹਮਣੇ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਈ ਹੈ ਅਤੇ ਮੰਗਲਵਾਰ ਨੂੰ ਇਹ ਅੰਕੜਾ 53601 ਰਿਹਾ। ਦੇਸ਼ ਵਿਚ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਸਨ। ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਮੰਗਲਵਾਰ ਨੂੰ ਸਾਹਮਣੇ ਆਏ ਮਾਮਲਿਆਂ ਮਗਰੋਂ ਦੇਸ਼ ਵਿਚ ਪੀੜਤਾਂ ਦੀ ਕੁਲ ਗਿਣਤੀ 2268675 ਹੋ ਗਈ ਹੈ। ਬੀਮਾਰੀ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 1583489 ਹੋ ਗਈ ਹੈ ਜਿਸ ਨਾਲ ਦੇਸ਼ ਵਿਚ ਸਿਹਤਯਾਬ ਹੋਣ ਦੀ ਦਰ ਵੀ 69.80 ਫ਼ੀ ਸਦੀ ਹੋ ਗਈ ਹੈ।
ਪਿਛਲੇ 24 ਘੰਟਿਆਂ ਵਿਚ ਬੀਮਾਰੀ ਕਾਰਨ 871 ਹੋਰ ਮਰੀਜ਼ਾਂ ਦੀ ਮੌਤ ਮਗਰੋਂ ਮ੍ਰਿਤਕਾਂ ਦੀ ਕੁਲ ਗਿਣਤੀ ਵੱਧ ਕੇ 45257 ਹੋ ਗਈ। ਮ੍ਰਿਤਕਾਂ ਦੀ ਗਿਣਤੀ ਵਿਚ ਕਮੀ ਨਾਲ ਮੌਤ ਦਰ ਵੀ ਦੋ ਫ਼ੀ ਸਦੀ ਤੋਂ ਘੱਟ ਕੇ 1.99 ਫ਼ੀ ਸਦੀ ਹੋ ਗਈ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸੱਤ ਅਗੱਸਤ ਨੂੰ 20 ਲੱਖ ਦੇ ਪਾਰ ਹੋ ਗਈ ਸੀ। ਦੇਸ਼ ਵਿਚ ਫ਼ਿਲਹਾਲ 639929 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਜੋ ਦੇਸ਼ ਵਿਚ ਕੁਲ ਮਰੀਜ਼ਾਂ ਦੀ ਗਿਣਤੀ ਦਾ 28.21 ਫ਼ੀ ਸਦੀ ਹੈ।
ਆਈਸੀਐਮਆਰ ਮੁਤਾਬਕ ਨੌਂ ਅਗੱਸਤ ਤਕ 2,45,83558 ਨਮੂਨਿਆਂ ਦੀ ਜਾਂਚ ਕੀਤੀ ਗਈ ਜਿਨ੍ਹਾਂ ਵਿਚੋਂ 477023 ਨਮੂਨਿਆਂ ਦੀ ਜਾਂਚ ਸੋਮਵਾਰਨੂੰ ਕੀਤੀ ਗਈ। ਦੇਸ਼ ਵਿਚ ਮਰੀਜ਼ਾਂ ਦੇ ਸਿਹਯਤਾਬ ਹੋਣ ਦੀ ਦਰ ਵੱਧ ਕੇ ਲਗਭਗ 70 ਫ਼ੀ ਸਦੀ ਹੋ ਗਈ ਹੈ। ਸਿਹਤ ਮੰਤਰਾਲੇ ਨੇ ਦਸਿਆ ਕਿ ਅਸਰਦਾਰ ਕੰਟਰੋਲ ਨੀਤੀ, ਵਿਆਪਕ ਟੈਸਟਿੰਗ ਦੇ ਸਫ਼ਲ ਲਾਗੂਕਰਨ ਤੋਂ ਇਲਾਵਾ ਦੇਖਭਾਲ ਦੇ ਦ੍ਰਿਸ਼ਟੀਕੋਣ 'ਤੇ ਆਧਾਰਤ ਗੰਭੀਰ ਰੋਗੀਆਂ ਦੀ ਸਫ਼ਲ ਸੰਭਾਲ ਸਦਕਾ ਇਹ ਸੰਭਵ ਹੋਇਆ ਹੈ। ਮੰਤਰਾਲੇ ਮੁਤਾਬਕ ਵੱਧ ਤੋਂ ਵੱਧ ਰੋਗੀਆਂ ਦੇ ਠੀਕ ਹੋਣ ਅਤੇ ਹਸਪਤਾਲਾਂ ਤੋਂ ਛੁੱਟੀ ਮਿਲਣ ਤੇ ਘਰ ਵਿਚ ਇਕਾਂਤਵਾਸ ਹੋਣ ਕਾਰਨ ਸਿਹਤਯਾਬ ਹੋਏ ਰੋਗੀਆਂ ਦੀ ਕੁਲ ਗਿਣਤੀ ਵੱਧ ਕੇ 1583489 ਤਕ ਪਹੁੰਚ ਗਈ ਹੈ। ਇਸ ਵਿਚ 47746 ਰੋਗੀ ਵੀ ਸ਼ਾਮਲ ਹਨ ਜਿਨ੍ਹਾਂ ਨੂੰ ਪਿਛਲੇ 24 ਘੰਟਿਆਂ ਵਿਚ ਹਸਪਤਾਲਾਂ ਤੋਂ ਛੁੱਟੀ ਦਿਤੀ ਗਈ ਹੈ। ਠੀਕ ਹੋਏ ਰੋਗੀਆਂ ਅਤੇ ਇਲਾਜ ਕਰਾ ਰਹੇ ਰੋਗੀਆਂ ਦੀ ਗਿਣਤੀ ਵਿਚਲਾ ਫ਼ਰਕ ਲਗਭਗ 9.5 ਲੱਖ ਹੋ ਗਿਆ ਹੈ। ਪੀੜਤਾਂ ਦੀ ਮੌਤ ਦਰ ਸੰਸਾਰ ਔਸਤ ਦੀ ਤੁਲਨਾ ਵਿਚ ਘੱਟ ਹੋ ਗਈ ਹੈ।