ਨਾਰੀ ਸ਼ਕਤੀ ਸੰਵਾਦ: ‘ਔਰਤ ਸ਼ਕਤੀਸ਼ਾਲੀ ਹੁੰਦੀ ਹੈ ਤਾਂ ਦੇਸ਼ ਦਾ ਵੀ ਵਿਕਾਸ ਹੁੰਦਾ ਹੈ’- PM ਮੋਦੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਔਰਤਾਂ ਜੇਕਰ ਚਾਹੁਣ ਤਾਂ ਸਮਾਜ ਵਿਚ ਕੋਈ ਵੀ ਤਬਦੀਲੀ ਲਿਆ ਸਕਦੀਆਂ ਹਨ

Narendra Modi

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ‘ਆਤਮਨਿਰਭਰ ਨਾਰੀ ਸ਼ਕਤੀ ਨਾਲ ਸੰਵਾਦ’ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਸਵੈ -ਸਹਾਇਤਾ ਸਮੂਹਾਂ ਦੀ ਸਹਾਇਤਾ ਦੀਨਦਿਆਲ ਅੰਤਯੋਦਿਆ ਰਾਸ਼ਟਰੀ ਪੇਂਡੂ ਆਜੀਵਿਕਾ ਮਿਸ਼ਨ ਦੁਆਰਾ ਕੀਤੀ ਗਈ ਹੈ। 

ਪੀਐਮ ਮੋਦੀ ਨੇ ਇਸ ਦੌਰਾਨ ਕਿਹਾ ਕਿ ਔਰਤਾਂ ਜੇਕਰ ਚਾਹੁਣ ਤਾਂ ਸਮਾਜ ਵਿਚ ਕੋਈ ਵੀ ਤਬਦੀਲੀ ਲਿਆ ਸਕਦੀਆਂ ਹਨ। ਜਦੋਂ ਔਰਤ ਸ਼ਕਤੀਸ਼ਾਲੀ ਹੁੰਦੀ ਹੈ ਤਾਂ ਨਾ ਸਿਰਫ ਇੱਕ ਪਰਿਵਾਰ ਮਜ਼ਬੂਤ ​​ਅਤੇ ਸ਼ਕਤੀਸ਼ਾਲੀ ਬਣਦਾ ਹੈ, ਬਲਕਿ ਸਮਾਜ ਅਤੇ ਦੇਸ਼ ਦਾ ਵੀ ਵਿਕਾਸ ਵੀ ਹੁੰਦਾ ਹੈ। ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਸਾਡੀਆਂ ਭੈਣਾਂ ਨੇ ਕੋਰੋਨਾ ਵਿਚ ਸਵੈ-ਸਹਾਇਤਾ ਸਮੂਹਾਂ ਰਾਹੀਂ ਦੇਸ਼ ਵਾਸੀਆਂ ਦੀ ਸੇਵਾ ਕੀਤੀ ਉਹ ਬੇਮਿਸਾਲ ਹੈ। ਮਾਸਕ ਅਤੇ ਸੈਨੀਟਾਈਜ਼ਰ ਬਣਾਉਣਾ, ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣਾ, ਜਾਗਰੂਕਤਾ ਕਾਰਜ, ਤੁਹਾਡੇ ਸਾਥੀ ਸਮੂਹਾਂ ਦਾ ਯੋਗਦਾਨ ਹਰ ਤਰੀਕੇ ਨਾਲ ਬੇਮਿਸਾਲ ਰਿਹਾ ਹੈ।

ਸਵੈ-ਸਹਾਇਤਾ ਸਮੂਹਾਂ ਦੀਆਂ ਔਰਤਾਂ ਨੂੰ ਮਦਦ ਦਾ ਭਰੋਸਾ ਦਿੰਦਿਆਂ ਪੀਐਮ ਮੋਦੀ ਨੇ ਕਿਹਾ ਕਿ ਅੱਜ ਔਰਤਾਂ ਵਿਚ ਉੱਦਮਤਾ ਦੇ ਦਾਇਰੇ ਨੂੰ ਵਧਾਉਣ ਲਈ ਵੱਡੀ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਫੂਡ ਪ੍ਰੋਸੈਸਿੰਗ, ਮਹਿਲਾ ਕਿਸਾਨ ਉਤਪਾਦਕ ਯੂਨੀਅਨ ਜਾਂ ਹੋਰ ਸਵੈ-ਸਹਾਇਤਾ ਸਮੂਹਾਂ ਨਾਲ ਜੁੜਿਆ ਕਾਰੋਬਾਰ ਹੋਵੇ, ਅਜਿਹੀਆਂ ਲੱਖਾਂ ਭੈਣਾਂ ਦੇ ਸਮੂਹਾਂ ਨੂੰ 1,600 ਕਰੋੜ ਰੁਪਏ ਤੋਂ ਵੱਧ ਭੇਜੇ ਗਏ ਹਨ। 

ਪ੍ਰਧਾਨ ਮੰਤਰੀ ਮੋਦੀ ਨੇ ਦੁੱਧ, ਖਿਡੌਣੇ ਬਣਾਉਣ ਵਾਲੀਆਂ, ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨ ਵਾਲੀਆਂ ਔਰਤਾਂ ਨਾਲ ਗੱਲਬਾਤ ਕੀਤੀ। ਇਨ੍ਹਾਂ ਔਰਤਾਂ ਨੇ ਪ੍ਰਧਾਨ ਮੰਤਰੀ ਮੋਦੀ ਨਾਲ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇ ਬਦਲਦੇ ਭਾਰਤ ਵਿਚ ਦੇਸ਼ ਦੀਆਂ ਭੈਣਾਂ ਅਤੇ ਧੀਆਂ ਕੋਲ ਅੱਗੇ ਵਧਣ ਦੇ ਮੌਕੇ ਵਧ ਰਹੇ ਹਨ। ਸਾਰੀਆਂ ਭੈਣਾਂ ਨੂੰ ਘਰ, ਪਖਾਨਾ, ਬਿਜਲੀ, ਪਾਣੀ ਆਦਿ ਸਹੂਲਤਾਂ ਨਾਲ ਜੋੜਿਆ ਜਾ ਰਿਹਾ ਹੈ। ਸਰਕਾਰ ਭੈਣਾਂ ਅਤੇ ਧੀਆਂ ਦੀ ਸਿੱਖਿਆ, ਸਿਹਤ, ਪੋਸ਼ਣ, ਟੀਕਾਕਰਣ ਅਤੇ ਹੋਰ ਜ਼ਰੂਰਤਾਂ ਨੂੰ ਲੈ ਕੇ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਦੇਸ਼ ਭਰ ਵਿਚ ਲਗਭਗ 70 ਲੱਖ ਸਵੈ-ਸਹਾਇਤਾ ਸਮੂਹ ਹਨ, ਜਿਨ੍ਹਾਂ ਨਾਲ ਲਗਭਗ 8 ਕਰੋੜ ਔਰਤਾਂ ਜੁੜੀਆਂ ਹੋਈਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ 6-7 ਸਾਲਾਂ ਦੌਰਾਨ ਸਵੈ-ਸਹਾਇਤਾ ਸਮੂਹਾਂ ਵਿਚ ਤਿੰਨ ਗੁਣਾ ਤੋਂ ਵੱਧ ਵਾਧਾ ਹੋਇਆ ਹੈ।  ਇਸ ਮੌਕੇ ਪੀਐਮ ਮੋਦੀ ਨੇ 4 ਲੱਖ ਸਵੈ-ਸਹਾਇਤਾ ਸਮੂਹਾਂ ਲਈ 1625 ਕਰੋੜ ਰੁਪਏ ਜਾਰੀ ਕੀਤੇ। ਇਸ ਤੋਂ ਇਲਾਵਾ, ਪੀਐਮ ਮੋਦੀ ਨੇ 7500 ਸਹਾਇਤਾ ਸਮੂਹਾਂ ਲਈ 25 ਕਰੋੜ ਰੁਪਏ ਮੁੱਢਲੀ ਪੂੰਜੀ ਵਜੋਂ ਜਾਰੀ ਕੀਤੇ।