ਵਿਰੋਧੀ ਨੇਤਾਵਾਂ ਨੇ ਕੱਢਿਆ ਸੰਸਦ ਤੋਂ ਵਿਜੇ ਚੌਕ ਤੱਕ ਮਾਰਚ, ਸਰਕਾਰ ਖਿਲਾਫ਼ ਕੀਤਾ ਪ੍ਰਦਰਸ਼ਨ
‘ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’। 'ਜਾਸੂਸੀ ਬੰਦ ਕਰੋ' ਅਤੇ 'ਲੋਕਤੰਤਰ ਦੀ ਹੱਤਿਆ ਬੰਦ ਕਰੋ' ਦੇ ਲਗਾਏ ਨਾਅਰੇ
ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀਰਵਾਰ ਨੂੰ ਪੈਗਾਸਸ ਜਾਸੂਸੀ ਮਾਮਲੇ, ਕੇਂਦਰੀ ਖੇਤੀਬਾੜੀ ਕਾਨੂੰਨਾਂ ਅਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਵੱਲੋਂ ਸੰਸਦ ਭਵਨ ਹਾਲ ਵਿਚ ਮੀਟਿੰਗ ਕਰਨ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੇ ਸੰਸਦ ਭਵਨ ਤੋਂ ਵਿਜੇ ਚੌਕ ਤੱਕ ਮਾਰਚ ਕੀਤਾ।
ਇਸ ਦੌਰਾਨ ਕਈ ਨੇਤਾਵਾਂ ਨੇ ਬੈਨਰ ਅਤੇ ਤਖ਼ਤੀਆਂ ਚੁੱਕੀਆਂ ਹੋਈਆਂ ਸਨ। ਬੈਨਰ 'ਤੇ ਲਿਖਿਆ ਸੀ ‘ਅਸੀਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦੇ ਹਾਂ। ਇਸ ਦੇ ਨਾਲ ਹੀ ਵਿਰੋਧੀ ਨੇਤਾਵਾਂ ਨੇ ‘ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰੋ’। 'ਜਾਸੂਸੀ ਬੰਦ ਕਰੋ' ਅਤੇ 'ਲੋਕਤੰਤਰ ਦੀ ਹੱਤਿਆ ਬੰਦ ਕਰੋ' ਦੇ ਨਾਅਰੇ ਵੀ ਲਗਾਏ।
ਇਸ ਤੋਂ ਪਹਿਲਾਂ, ਵਿਰੋਧੀ ਧਿਰ ਦੇ ਨੇਤਾਵਾਂ ਦੀ ਬੈਠਕ ਵਿਚ, ਖੜਗੇ, ਰਾਹੁਲ ਗਾਂਧੀ, ਲੋਕ ਸਭਾ ਵਿਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸੀਨੀਅਰ ਕਾਂਗਰਸੀ ਨੇਤਾ ਜੈਰਾਮ ਰਮੇਸ਼ ਅਤੇ ਆਨੰਦ ਸ਼ਰਮਾ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ, ਸਮਾਜਵਾਦੀ ਪਾਰਟੀ ਦੇ ਸੀਨੀਅਰ ਨੇਤਾ ਰਾਮ ਗੋਪਾਲ ਯਾਦਵ, ਡੀਐਮਕੇ ਕੇ. ਟੀ ਆਰ ਬਾਲੂ, ਰਾਸ਼ਟਰੀ ਜਨਤਾ ਦਲ ਦੇ ਮਨੋਜ ਝਾਅ ਅਤੇ ਕਈ ਹੋਰ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਸ਼ਿਰਕਤ ਕੀਤੀ।
ਸੂਤਰਾਂ ਅਨੁਸਾਰ, ਪੈਗਾਸਸ ਜਾਸੂਸੀ ਕੇਸ, ਖੇਤੀਬਾੜੀ ਕਾਨੂੰਨ, ਕੀਮਤਾਂ ਵਿਚ ਵਾਧਾ ਅਤੇ ਬੁੱਧਵਾਰ ਨੂੰ ਰਾਜ ਸਭਾ ਵਿੱਚ 'ਸੁਰੱਖਿਆ ਕਰਮਚਾਰੀਆਂ ਦੀ ਮੌਜੂਦਗੀ ਵਿੱਚ' ਅਤੇ ਕੁਝ ਮਹਿਲਾ ਸੰਸਦ ਮੈਂਬਰਾਂ ਨਾਲ ਕਥਿਤ ਝਗੜੇ ਬਾਰੇ ਵੀ ਮੀਟਿੰਗ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ ਨੇ ਬੁੱਧਵਾਰ ਨੂੰ ਦੋਸ਼ ਲਾਇਆ ਕਿ ਸਦਨ ਵਿਚ ਵਿਰੋਧ ਪ੍ਰਦਰਸ਼ਨ ਦੌਰਾਨ ਉਥੇ ਮੌਜੂਦ ਕੁਝ ਮਹਿਲਾ ਸੁਰੱਖਿਆ ਕਰਮਚਾਰੀਆਂ ਨੇ ਵਿਰੋਧੀ ਧਿਰ ਦੀਆਂ ਮਹਿਲਾ ਮੈਂਬਰਾਂ ਨਾਲ ਬਦਸਲੂਕੀ ਕੀਤੀ ਅਤੇ ਉਨ੍ਹਾਂ ਦਾ ਅਪਮਾਨ ਕੀਤਾ। ਹਾਲਾਂਕਿ, ਸਰਕਾਰ ਨੇ ਉਹਨਾਂ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ "ਸੱਚ ਤੋਂ ਪਰੇ" ਹੈ।
ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਸੰਸਦ ਭਵਨ ਕੰਪਲੈਕਸ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਉਨ੍ਹਾਂ ਨੇ ਆਪਣੀ 55 ਸਾਲਾਂ ਦੀ ਸੰਸਦੀ ਰਾਜਨੀਤੀ ਵਿਚ ਅਜਿਹੀ ਸਥਿਤੀ ਕਦੇ ਨਹੀਂ ਦੇਖੀ ਜਿੱਥੇ ਸਦਨ ਦੇ ਅੰਦਰ ਮਹਿਲਾ ਸੰਸਦ ਮੈਂਬਰਾਂ ਉੱਤੇ ਹਮਲਾ ਕੀਤਾ ਗਿਆ ਹੋਵੇ।