ਕਰਨਾਟਕ ’ਚ ਸ਼ੁਰੂ ਹੋਈ ਤੀਜੀ ਲਹਿਰ, ਪੰਜ ਦਿਨਾਂ ’ਚ 242 ਬੱਚੇ ਹੋਏ ਕੋਰੋਨਾ ਦਾ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਸਾਰੇ ਜ਼ਿਲ੍ਹਿਆਂ ਵਿਚ ਰਾਤ ਅਤੇ ਹਫ਼ਤੇ ਦੇ ਕਰਫ਼ਿਊ ਦਾ ਕੀਤਾ ਐਲਾਨ

Children corona positive

 

ਬੰਗਲੁਰੂ : ਕਰਨਾਟਕ ਵਿਚ ਪਿਛਲੇ ਪੰਜ ਦਿਨਾਂ ਵਿਚ ਘੱਟੋ ਘੱਟ 242 ਬੱਚੇ ਕੋਰੋਨਾ ਵਾਇਰਸ ਨਾਲ ਪੀੜਤ ਹੋਏ ਹਨ। ਇਹ ਜਾਣਕਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਚਿਤਾਵਨੀ ਦਿਤੀ ਹੈ ਕਿ ਆਉਣ ਵਾਲੇ ਸਮੇਂ ਵਿਚ ਇਹ ਗਿਣਤੀ ਵਧ ਸਕਦੀ ਹੈ।

 

 

ਕੋਵਿਡ -19 ਦੀ ਦੂਜੀ ਲਹਿਰ ਦੌਰਾਨ ਹੀ ਮਾਹਰ ਅਨੁਮਾਨ ਲਗਾ ਰਹੇ ਸਨ ਕਿ ਤੀਜੀ ਲਹਿਰ ਬੱਚਿਆਂ ਨੂੰ ਸੱਭ ਤੋਂ ਵੱਧ ਪ੍ਰਭਾਵਤ ਕਰ ਸਕਦੀ ਹੈ। ਅਜਿਹੀ ਸਥਿਤੀ ਵਿਚ ਇਹ ਅੰਕੜੇ ਡਰਾਉਣੇ ਹਨ। ਬ੍ਰੂਹਟ ਬੰਗਲੁਰੂ ਨਗਰ ਨਿਗਮ ਨੇ ਕਿਹਾ ਹੈ ਕਿ ਪਿਛਲੇ ਪੰਜ ਦਿਨਾਂ ਵਿਚ 19 ਸਾਲ ਤੋਂ ਘੱਟ ਉਮਰ ਦੇ 242 ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

 

 

ਮਾਹਰ ਚੇਤਾਵਨੀ ਦੇ ਚੁੱਕੇ ਹਨ ਕਿ ਕੋਵਿਡ -19 ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿਚੋਂ 106 ਬੱਚਿਆਂ ਦੀ ਉਮਰ 9 ਸਾਲ ਤੋਂ ਘੱਟ ਹੈ। ਜਦੋਂ ਕਿ 136 ਬੱਚੇ 9 ਤੋਂ 19 ਸਾਲ ਦੇ ਵਿਚਕਾਰ ਹਨ। ਮੰਗਲਵਾਰ ਨੂੰ ਰਾਜ ਵਿਚ ਲਾਗ ਦੇ 1 ਹਜ਼ਾਰ 338 ਨਵੇਂ ਮਾਮਲੇ ਮਿਲੇ। ਇਸ ਦੌਰਾਨ 31 ਮਰੀਜ਼ਾਂ ਦੀ ਮੌਤ ਹੋ ਗਈ।

 

ਸਿਹਤ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਕੁੱਝ ਦਿਨਾਂ ਵਿਚ ਮਾਮਲੇ “ਤਿੰਨ ਗੁਣਾ” ਹੋ ਜਾਣਗੇ ਅਤੇ “ਇਹ ਇਕ ਵੱਡਾ ਖਤਰਾ ਹੈ।” ਕਰਨਾਟਕ ਸਰਕਾਰ ਨੇ ਪਹਿਲਾਂ ਹੀ ਸਾਰੇ ਜ਼ਿਲ੍ਹਿਆਂ ਵਿਚ ਰਾਤ ਅਤੇ ਹਫ਼ਤੇ ਦੇ ਕਰਫ਼ਿਊ ਦਾ ਐਲਾਨ ਕਰ ਦਿਤਾ ਹੈ। ਇਸ ਤੋਂ ਇਲਾਵਾ ਕੇਰਲ-ਕਰਨਾਟਕ, ਮਹਾਰਾਸਟਰ-ਕਰਨਾਟਕ ਸਰਹੱਦਾਂ ’ਤੇ ਦਾਖ਼ਲੇ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਇਸ ਸਮੇਂ ਦੌਰਾਨ ਸਿਰਫ਼ ਆਰਟੀ-ਪੀਸੀਆਰ ਸਰਟੀਫ਼ਿਕੇਟ ਵਾਲੇ ਯਾਤਰੀਆਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ। ਇਹ ਸਰਟੀਫ਼ਿਕੇਟ 72 ਘੰਟਿਆਂ ਤੋਂ ਵੱਧ ਪੁਰਾਣਾ ਨਹੀਂ ਹੋਣਾ ਚਾਹੀਦਾ। ਸੂਤਰਾਂ ਨੇ ਦਸਿਆ ਹੈ ਕਿ ਸਰਕਾਰ 16 ਅਗੱਸਤ ਤੋਂ ਅੰਸਕ ਤਾਲਾਬੰਦੀ ਲਗਾ ਸਕਦੀ ਹੈ।