ਸਵਦੇਸ਼ੀ ਹੈਲੀਕਾਪਟਰ ਬਣਾ ਰਿਹਾ ਸੀ ਨੌਜਵਾਨ, ਟੈਸਟਿੰਗ ਦੌਰਾਨ ਸਿਰ 'ਤੇ ਡਿੱਗਿਆ ਪੱਖਾ, ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਦਾ ਇੱਕ ਬਲੇਡ ਸਿਰ 'ਤੇ ਡਿੱਗਿਆ

Young man making indigenous helicopter

ਮੁੰਬਈ: ਮਹਾਰਾਸ਼ਟਰ ਦੇ ਯਵਤਮਾਲ ਵਿੱਚ ਇੱਕ ਦਰਦਨਾਕ ਹਾਦਸੇ ਵਿੱਚ ਇੱਕ ਮਕੈਨਿਕ ਦੀ ਮੌਤ ਹੋ ਗਈ। ਹੈਲੀਕਾਪਟਰ ਦੀ ਟੈਸਟਿੰਗ ਦੌਰਾਨ ਪੱਖਾ ਟੁੱਟ ਗਿਆ ਅਤੇ ਨੌਜਵਾਨ ਦੇ ਸਿਰ 'ਤੇ ਡਿੱਗ ਗਿਆ। ਹਾਦਸੇ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਉੱਥੇ ਮੌਜੂਦ ਲੋਕ ਮਕੈਨਿਕ ਨੂੰ ਹਸਪਤਾਲ ਲੈ ਗਏ, ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

 

ਪੁਲਿਸ ਦੇ ਅਨੁਸਾਰ, ਨੌਜਵਾਨ ਇੱਕ ਦੇਸੀ ਹੈਲੀਕਾਪਟਰ ਬਣਾ ਰਿਹਾ ਸੀ। ਉਸ ਦਾ ਨਾਂ ਮੁੰਨਾ ਹੈਲੀਕਾਪਟਰ ਰੱਖਿਆ ਗਿਆ ਸੀ, ਪਰ ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਦਾ ਇੱਕ ਬਲੇਡ ਉਸਦੇ ਸਿਰ 'ਤੇ ਡਿੱਗ ਗਿਆ। ਇਹ ਘਟਨਾ ਮਹਾਗਾਂਵ ਤਾਲੁਕਾ ਦੇ ਫੁਲਸਾਵੰਗੀ ਪਿੰਡ ਦੀ ਹੈ।

 

 

 ਨੌਜਵਾਨ ਦਾ ਨਾਮ ਸ਼ੇਖ ਇਸਮਾਈਲ ਉਰਫ ਮੁੰਨਾ ਸ਼ੇਖ ਸੀ। ਅੱਠਵੀਂ ਪਾਸ ਮੁੰਨਾ ਸਿਰਫ 24 ਸਾਲਾਂ ਦਾ ਸੀ ਅਤੇ ਪੇਸ਼ੇ ਤੋਂ ਇੱਕ ਮਕੈਨਿਕ ਸੀ। ਉਹ ਦਿਨ ਵੇਲੇ ਇੱਕ ਗੈਰਾਜ ਵਿੱਚ ਕੰਮ ਕਰਦਾ ਸੀ ਅਤੇ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਰਾਤ ਨੂੰ ਹੈਲੀਕਾਪਟਰ ਬਣਾਉਣ ਵਿਚ ਲੱਗ  ਜਾਂਦਾ। 11 ਅਗਸਤ ਨੂੰ ਉਹ ਪੂਰੇ ਪਿੰਡ ਦੇ ਸਾਹਮਣੇ ਹੈਲੀਕਾਪਟਰ ਉਡਾਉਣ ਵਾਲਾ ਸੀ, ਪਰ ਉਸ ਤੋਂ ਇਕ ਦਿਨ ਪਹਿਲਾਂ ਹੈਲੀਕਾਪਟਰ ਦਾ ਪੱਖਾ ਉਸ ਦੇ ਸਿਰ 'ਤੇ ਡਿੱਗ ਪਿਆ।

 

 

ਮੁੰਨਾ ਪਿਛਲੇ ਦੋ ਸਾਲਾਂ ਤੋਂ ਸਿੰਗਲ ਸੀਟਰ ਹੈਲੀਕਾਪਟਰ ਬਣਾਉਣ ਵਿੱਚ ਰੁੱਝਿਆ ਹੋਇਆ ਸੀ ਅਤੇ ਉਸਦਾ ਸੁਪਨਾ 6 ਸੀਟਰ ਹੈਲੀਕਾਪਟਰ ਬਣਾਉਣ ਦਾ ਸੀ। ਉਹ ਇਸਦੀ ਕੀਮਤ 30 ਲੱਖ ਰੁਪਏ ਰੱਖਣਾ ਚਾਹੁੰਦੇ ਸਨ, ਪਰ ਇਸ ਹਾਦਸੇ ਤੋਂ ਬਾਅਦ ਸਭ ਕੁਝ ਖਤਮ ਹੋ ਗਿਆ।