ਦਿੱਲੀ 'ਚ ਕਾਨੂੰਨ ਦੀਆਂ ਉੱਡੀਆਂ ਧੱਜੀਆਂ, ਸੜਕ 'ਤੇ ਸ਼ਰੇਆਮ ਨੌਜਵਾਨ ਦਾ ਕੀਤਾ ਕਤਲ
ਘਟਨਾ ਦੀਆਂ ਤਸਵੀਰਾਂ CCTV 'ਚ ਹੋਈਆਂ ਕੈਦ
ਨਵੀਂ ਦਿੱਲੀ: ਦਿੱਲੀ 'ਚ ਇਕ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਦਾ ਸੜਕ 'ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਹਮਲੇ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਇਹ ਘਟਨਾ ਦੱਖਣੀ ਦਿੱਲੀ ਦੇ ਮਾਲਵੀਆ ਨਗਰ ਦੇ ਇੱਕ ਬਾਜ਼ਾਰ ਵਿੱਚ ਵਾਪਰੀ। ਪੁਲਿਸ ਨੇ ਦੱਸਿਆ ਕਿ 25 ਸਾਲਾ ਮਯੰਕ ਆਪਣੇ ਇਕ ਦੋਸਤ ਨਾਲ ਬਾਜ਼ਾਰ ਗਿਆ ਹੋਇਆ ਤਾਂ ਚਾਰ-ਪੰਜ ਲੋਕ ਚਾਕੂ ਲੈ ਕੇ ਉਸ ਵੱਲ ਭੱਜੇ।
ਸੀਸੀਟੀਵੀ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਮਯੰਕ ਸੜਕ ਪਾਰ ਕਰਨ ਤੋਂ ਪਹਿਲਾਂ ਮੁੰਡਿਆਂ ਨਾਲ ਬਹਿਸ ਕਰ ਰਿਹਾ ਹੈ ਫਿਰ ਮੁੰਡਿਆਂ ਨੇ ਹੋਟਲ ਮੈਨੇਜਮੈਂਟ ਦੇ ਵਿਦਿਆਰਥੀ ਨੂੰ ਫੜ ਲਿਆ ਅਤੇ ਚਾਕੂ ਮਾਰ ਦਿੱਤਾ।
ਸੜਕ ਪਾਰ ਕਰਨ ਵਾਲੇ ਲੋਕ ਅਤੇ ਵਾਹਨ ਚਾਲਕ ਕਿਸੇ ਨੇ ਵੀ ਲੜਕੇ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਹਮਲਾਵਰ ਇਲਾਕੇ ਤੋਂ ਭੱਜਣ ਤੋਂ ਪਹਿਲਾਂ ਮਯੰਕ ਨੂੰ ਕਈ ਵਾਰ ਚਾਕੂ ਮਾਰਦੇ ਹੋਏ ਦਿਖਾਈ ਦੇ ਰਹੇ ਹਨ। ਮਯੰਕ ਦਾ ਦੋਸਤ ਕੁਝ ਰਾਹਗੀਰਾਂ ਦੀ ਮਦਦ ਨਾਲ ਉਸ ਨੂੰ ਏਮਜ਼ ਲੈ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਸੀਸੀਟੀਵੀ ਫੁਟੇਜ ਵਿੱਚ ਦਿਖਾਈ ਦੇਣ ਵਾਲੇ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ।