‘ਜਨਤਾ ਨੂੰ ਲੁੱਟਣ ਵਾਲਿਆਂ ਨੂੰ ਸਹੀ ਜਗ੍ਹਾ ਪਹੁੰਚਾਉਣ ਦੀ ਹੈ ਕੋਸ਼ਿਸ਼, ਕੁਝ ਚਲੇ ਵੀ ਗਏ’: ਮੋਦੀ
ਝਾਰਖੰਡ ਦੀ ਰਾਜਧਾਨੀ ਰਾਂਚੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਭਾਤ ਤਾਰਾ ਮੈਦਾਨ ਵਿਚ ਜਨਤਾ ਨੂੰ ਸੰਬੋਧਨ ਕੀਤਾ।
ਰਾਂਚੀ: ਝਾਰਖੰਡ ਦੀ ਰਾਜਧਾਨੀ ਰਾਂਚੀ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਭਾਤ ਤਾਰਾ ਮੈਦਾਨ ਵਿਚ ਜਨਤਾ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਨੇ ਬੀਤੇ 100 ਦਿਨਾਂ ਦੀਆਂ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਇਸ ਦੇ ਨਾਲ ਹੀ ਉਹਨਾਂ ਨੇ ਵਿਰੋਧੀਆਂ ‘ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਹਮਲਾ ਕੀਤਾ।ਪੀਐਮ ਮੋਦੀ ਨੇ ਕਿਹਾ ਕਿ, ‘ਲੋਕ ਸਭਾ ਚੋਣਾ ਦੇ ਸਮੇਂ ਦਮਦਾਰ ਸਰਕਾਰ ਦਾ ਵਾਅਦਾ ਕੀਤਾ ਸੀ'।
ਉਹਨਾਂ ਕਿਹਾ 'ਬੀਤੇ 100 ਦਿਨ ਵਿਚ ਦੇਸ਼ ਨੇ ਇਸ ਦਾ ਟਰੇਲਰ ਦੇਖ ਲਿਆ ਹੈ। 100 ਦਿਨ ਦੇ ਅੰਦਰ ਹੀ ਤਿੰਨ ਤਲਾਕ ਬਿੱਲ ਲਾਗੂ ਕੀਤਾ ਗਿਆ, ਅਤਿਵਾਦ ਵਿਰੋਧੀ ਕਾਨੂੰਨ ਨੂੰ ਮਜ਼ਬੂਤ ਕੀਤਾ ਗਿਆ, ਜੰਮੂ-ਕਸ਼ਮੀਰ ਵਿਚ ਵਿਕਾਸ ਦੀ ਸ਼ੁਰੂਆਤ ਕੀਤੀ ਅਤੇ ਜਨਤਾ ਨੂੰ ਲੁੱਟਣ ਵਾਲਿਆਂ ਨੂੰ ਸਹੀ ਥਾਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ‘ਤੇ ਤੇਜ਼ੀ ਨਾਲ ਕੰਮ ਵੀ ਹੋ ਰਿਹਾ ਹੈ’।
ਪੀਐਮ ਮੋਦੀ ਨੇ ਕਿਹਾ ਕਿ ਕੁੱਝ ਲੋਕ ਸਹੀ ਜਗ੍ਹਾ ਚਲੇ ਵੀ ਗਏ ਹਨ। ਪੀਐਮ ਮੋਦੀ ਨੇ ਕਿਹਾ ਕਿ ‘ਤੁਸੀਂ ਇਸ ਵਾਰ ਦੇ ਸੰਸਦ ਸੈਸ਼ਨ ਨੂੰ ਲੈ ਕੇ ਕਾਫ਼ੀ ਕੁੱਝ ਸੁਣਿਆ ਅਤੇ ਦੇਖਿਆ ਹੋਵੇਗਾ। ਇਸ ਵਾਰ ਜਿਸ ਤਰ੍ਹਾਂ ਨਾਲ ਸੰਸਦ ਚੱਲੀ, ਉਸ ਨੂੰ ਦੇਖ ਕੇ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਉਹ ਇਸ ਲਈ ਕਿਉਂਕਿ ਇਸ ਵਾਰ ਸੰਸਦ ਦਾ ਮਾਨਸੂਨ ਸੈਸ਼ਨ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਉਤਪਾਦਕ ਸੈਸ਼ਨਾਂ ਵਿਚੋਂ ਇਕ ਰਿਹਾ ਹੈ’।
ਪੀਐਮ ਮੋਦੀ ਨੇ ਕਿਹਾ ਕਿ, ‘ਵਿਕਾਸ ਸਾਡੀ ਪਹਿਲ ਹੈ ਅਤੇ ਵਚਨਬੱਧਤਾ ਵੀ। ਵਿਕਾਸ ਦਾ ਵਾਅਦਾ ਅਟੱਲ ਇਰਾਦਾ ਹੈ’। ਉਹਨਾਂ ਕਿਹਾ ਕਿ ਅੱਜ ਜਿੰਨੀ ਤੇਜ਼ੀ ਨਾਲ ਦੇਸ਼ ਚੱਲ ਰਿਹਾ ਹੈ, ਉਨੀ ਤੇਜ਼ੀ ਨਾਲ ਪਹਿਲਾਂ ਕਦੀ ਨਹੀਂ ਚੱਲਿਆ। ਪੀਐਮ ਮੋਦੀ ਨੇ ਇਸ ਸਭਾ ਵਿਚ ਕਿਸਾਨ ਮਾਣ ਭੱਤਾ ਯੋਜਨਾ, ਦੁਕਾਨਦਾਰਾਂ ਲਈ ਰਾਸ਼ਟਰੀ ਪੈਂਸ਼ਨ ਯੋਜਨਾ ਆਦਿ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਸਾਹਿਬਗੰਜ ਵਿਚ ਗੰਗਾ ਨਦੀ ‘ਤੇ ਮਲਟੀ ਮਾਡਲ ਟਰਮਿਨਲ ਦਾ ਵੀ ਉਦਘਾਟਨ ਕੀਤਾ। ਪੀਐਮ ਨੇ ਝਾਰਖੰਡ ਦੀ ਨਵੀਂ ਸੈਕਟਰੀਅਲ ਬਿਲਡਿੰਗ ਦਾ ਵੀ ਨੀਂਹ ਪੱਥਰ ਰੱਖਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।