ਸਾਬਕਾ ਫ਼ੌਜੀ 'ਤੇ ਹਮਲਾ ਸਵੀਕਾਰਯੋਗ ਨਹੀਂ : ਰਾਜਨਾਥ

ਏਜੰਸੀ

ਖ਼ਬਰਾਂ, ਰਾਸ਼ਟਰੀ

ਰਿਟਾਇਰਡ ਨੇਵੀ ਅਧਿਕਾਰੀ ਨਾਲ ਰਖਿਆ ਮੰਤਰੀ ਨੇ ਕੀਤੀ ਗੱਲ

image

ਨਵੀਂ ਦਿੱਲੀ, 12 ਸਤੰਬਰ : ਕੇਂਦਰੀ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਮਦਨ ਸ਼ਰਮਾ ਨਾਲ ਫ਼ੋਨ 'ਤੇ ਗੱਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਪੂਰੇ ਘਟਨਾਕ੍ਰਮ ਦੀ ਜਾਣਕਾਰੀ ਲਈ ਅਤੇ ਕਿਹਾ ਕਿ ਬੁਜ਼ੁਰਗ ਫੌਜੀ 'ਤੇ ਅਜਿਹਾ ਹਮਲਾ ਸਵੀਕਾਰਯੋਗ ਨਹੀਂ ਹੈ। ਇਥੇ ਦੱਸਣਯੋਗ ਹੈ ਕਿ ਇਸ ਸਾਬਕਾ ਅਧਿਕਾਰੀ ਨੇ ਊਧਵ ਠਾਕਰੇ 'ਤੇ ਬਣਾਏ ਗਏ ਇਕ ਕਾਰਟੂਨ ਨੂੰ ਵਟਸਐਪ 'ਤੇ ਸ਼ੇਅਰ ਕੀਤਾ ਸੀ, ਜਿਸ ਤੋਂ ਬਾਅਦ ਸ਼ਿਵ ਸੈਨਾ ਦੇ ਕਰਮਚਾਰੀਆਂ ਨੇ ਉਨ੍ਹਾਂ 'ਤੇ ਹਮਲਾ ਕਰ ਜ਼ਖ਼ਮੀ ਕਰ ਦਿਤਾ ਸੀ।


     ਇਸ ਘਟਨਾ ਬਾਰੇ ਸਾਬਕਾ ਨੇਵੀ ਅਧਿਕਾਰੀ ਮਦਨ ਸ਼ਰਮਾ ਨੇ ਦੱਸਿਆ, ਕਾਰਟੂਨ ਨੂੰ ਫ਼ਾਰਵਰਡ ਕਰਨ ਤੋਂ ਬਾਅਦ ਮੈਨੂੰ ਧਮਕੀ ਭਰੇ ਫ਼ੋਨ ਕਾਲ ਆਏ। ਉਸ ਤੋਂ ਬਾਅਦ ਸ਼ੁਕਰਵਾਰ ਨੂੰ 8-10 ਲੋਕਾਂ  ਨੇ ਮੇਰੇ ਤੇ ਹਮਲਾ ਕੀਤਾ। ਮੈਂ ਪੂਰੀ ਜਿੰਦਗੀ ਦੇਸ਼ ਦੀ ਸੇਵਾ ਕੀਤੀ ਹੈ। ਅਜਿਹੀ ਸਰਕਾਰ ਨੂੰ ਸੱਤਾ 'ਚ ਰਹਿਣ ਦਾ ਕੋਈ ਹੱਕ ਨਹੀਂ ਹੈ। ਹਮਲੇ  ਤੋਂ ਬਾਅਦ ਮਦਨ ਸ਼ਰਮਾ ਨੇ ਕਾਂਦਿਵਲੀ ਦੇ ਸਮਤਾ ਨਗਰ ਪੁਲਸ ਥਾਣੇ 'ਚ ਸ਼ਿਵ ਸੈਨਾ ਦੇ ਕਮਲੇਸ਼ ਕਦਮ ਅਤੇ ਉਨ੍ਹਾਂ ਦੇ  8 ਤੋਂ 10 ਸਾਥੀਆਂ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ।

image


     ਜਿਸ ਤੋਂ ਬਾਅਦ ਪੁਲਿਸ ਨੇ ਆਈ.ਪੀ.ਸੀ. ਦੀ ਧਾਰਾ 325 ਦੇ ਤਹਿਤ ਗੰਭੀਰ ਸੱਟ ਪਹੁੰਚਾਉਣ ਨੂੰ ਲੈ ਕੇ ਮਾਮਲਾ ਦਰਜ ਕਰਦੇ ਹੋਏ ਸ਼ਿਵ ਸੈਨਾ ਦੇ 6 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ ਪਰ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾ ਕਰ ਦਿਤਾ ਗਿਆ। ਕੁੱਟਮਾਰ ਕਰਨ ਵਾਲੇ ਕਰਮਚਾਰੀਆਂ 'ਚ ਸ਼ਿਵ ਸੈਨਾ ਲੀਡਰ ਕਮਲੇਸ਼ ਕਦਮ ਵੀ ਸ਼ਾਮਲ ਹਨ। ਸ਼ਿਵ ਸੈਨਾ ਦੇ ਕਰਮਚਾਰੀਆਂ ਵਲੋਂ ਸਾਬਕਾ ਨੇਵੀ ਅਫ਼ਸਰ ਨਾਲ ਕੁਟਮਾਰ ਦਾ ਇਕ ਸੀ.ਸੀ.ਟੀ.ਵੀ. ਫ਼ੁਟੇਜ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।


    ਦੋਸ਼ੀਆਂ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਸਾਬਕਾ ਨੇਵੀ ਅਫ਼ਸਰ ਦੇ ਪਰਵਾਰ ਨੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਹਨ। ਸਾਬਕਾ ਨੇਵੀ ਅਫ਼ਸਰ ਦੀ ਧੀ ਸ਼ੀਲਾ ਸ਼ਰਮਾ ਨੇ ਕਿਹਾ, 'ਮੈਂ ਇਸ ਘਟਨਾ ਤੋਂ ਬੇਹਦ ਦੁਖ਼ੀ ਹਾਂ। ਇਨ੍ਹਾਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ, ਨਹੀਂ ਤਾਂ ਇਹ ਮੁੜ ਇਸੇ ਤਰ੍ਹਾਂ ਦੀਆਂ ਹਰਕਤਾਂ ਨੂੰ ਅੰਜਾਮ ਦੇ ਸਕਦੇ ਹਨ।' ਇਹ ਘਟਨਾ ਕਾਂਦਿਵਲੀ ਦੇ ਲੋਖੰਡਵਾਲਾ ਕਾੰਪਲੇਕਸ ਇਲਾਕੇ 'ਚ ਹੋਈ। ਸਾਬਕਾ ਅਧਿਕਾਰੀ ਸ਼ਰਮਾ ਦੀ ਅੱਖ 'ਚ ਸੱਟ ਲੱਗੀ ਹੈ ਅਤੇ ਹਸਪਤਾਲ 'ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।  (ਏਜੰਸੀ)




ਕਾਨੂੰਨ ਵਿਵਸਥਾ ਨਹੀਂ ਦੇਖ ਸਕਦੇ ਤਾਂ ਅਸਤੀਫ਼ਾ ਦੇ ਦੇਣ ਉਧਵ ਠਾਕਰੇ : ਸਾਬਕਾ ਨੇਵੀ ਅਫ਼ਸਰ


image

ਸ਼ਿਵ ਸੈਨਾ ਦੇ ਵਰਕਰਾਂ ਦੇ ਹਮਲੇ 'ਚ ਜ਼ਖ਼ਮੀ ਸੇਵਾਮੁਕਤ ਨੇਵੀ ਅਫ਼ਸਰ ਮਦਨ ਸ਼ਰਮਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਮੀਡੀਆ ਨਾਲ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਾਨੂੰਨ ਵਿਵਸਥਾ ਨਹੀਂ ਸੰਭਾਲ ਸਕਦੀ ਤਾਂ ਉਧਵ ਠਾਕਰੇ ਨੂੰ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਬਹੁਤ ਮਾੜਾ ਸਲੂਕ ਹੋਇਆ। ਮੈਂ ਇਕ ਸੀਨੀਅਰ ਸਿਟੀਜ਼ਨ ਹਾਂ। ਸ਼ਿਵ ਸੈਨਾ ਦੇ ਵਰਕਰਾਂ ਨੇ ਮੈਨੂੰ ਗੱਲ ਕਰਨ ਲਈ ਬੁਲਾਇਆ ਸੀ ਪਰ ਬਿਨਾਂ ਗੱਲਬਾਤ ਕੀਤੇ, ਕੁੱਟਣਾ ਸ਼ੁਰੂ ਕਰ ਦਿਤਾ। ਕੁੱਟਮਾਰ ਕਰਨ ਤੋਂ ਬਾਅਦ ਗ੍ਰਿਫ਼ਤਾਰੀ ਲਈ ਮੇਰੇ ਘਰ ਪੁਲਿਸ ਭੇਜ ਦਿਤੀ ਗਈ। ਪੁਲਿਸ 'ਤੇ ਰਾਜਨੀਤਕ ਦਬਾਅ ਹੈ। ਉਨ੍ਹਾਂ ਨੇ ਦੱਸਿਆ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮੇਰਾ ਹਾਲਚਾਲ ਪੁੱਛਿਆ, ਮੈਂ ਉਨ੍ਹਾਂ ਨੂੰ ਘਟਨਾ ਬਾਰੇ ਦਸਿਆ ਹੈ। ਰਖਿਆ ਮੰਤਰੀ ਨੇ ਮਦਦ ਦਾ ਵਚਨ ਕੀਤਾ ਹੈ। ਮੈਂ ਸੁਰੱਖਿਆ ਦੀ ਮੰਗ ਕੀਤੀ ਹੈ।