ਸੋਨੂੰ ਸੂਦ ਵੱਲੋਂ ਅਪਣੀ ਮਾਂ ਦੇ ਨਾਂਅ ‘ਤੇ ਗਰੀਬ ਬੱਚਿਆਂ ਲਈ ਸਕਾਲਰਸ਼ਿਪ ਦਾ ਐਲ਼ਾਨ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੜ੍ਹਾਈ ਤੋਂ ਲੈ ਕੇ ਰਹਿਣ ਤੱਕ ਦੀ ਚੁੱਕਣਗੇ ਜ਼ਿੰਮੇਵਾਰੀ

Sonu Sood

ਨਵੀਂ ਦਿੱਲੀ: ਲੌਕਡਾਊਨ ਦੌਰਾਨ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਅਤੇ ਗਰੀਬਾਂ ਦਾ ਸਹਾਰਾ ਬਣੇ ਸੋਨੂੰ ਸੂਦ ਹੁਣ ਗਰੀਬ ਬੱਚਿਆਂ ਦੀ ਪੜ੍ਹਾਈ ਵਿਚ ਮਦਦ ਕਰਨਗੇ। ਸੋਨੂੰ ਸੂਦ ਨੇ ਅਪਣੀ ਮਾਂ ਸਰੋਜ ਸੂਦ ਦੇ ਨਾਂਅ ‘ਤੇ ਇਕ ਸਕਾਲਪਸ਼ਿਪ ਸ਼ੁਰੂ ਕੀਤੀ ਹੈ, ਜੋ ਗਰੀਬ ਬੱਚਿਆਂ ਨੂੰ ਉਹਨਾਂ ਦੀ ਪੜ੍ਹਾਈ ਲਈ ਦਿੱਤੀ ਜਾਵੇਗੀ। 

ਇਕ ਗੱਲਬਾਤ ਦੌਰਾਨ ਸੋਨੂੰ ਨੇ ਦੱਸਿਆ, ‘ਬੀਤੇ ਕੁਝ ਮਹੀਨਿਆਂ ਵਿਚ ਮੈਂ ਦੇਖਿਆ ਕਿ ਤੰਗੀ ਵਿਚ ਜ਼ਿੰਦਗੀ ਗੁਜ਼ਾਰ ਰਹੇ ਲੋਕਾਂ ਨੂੰ ਅਪਣੇ ਬੱਚਿਆਂ ਦੀ ਪੜ੍ਹਾਈ ਲਈ ਬਹੁਤ ਮਿਹਨਤ ਕਰਨੀ ਪੈ ਰਹੀ ਹੈ। ਕੁਝ ਬੱਚਿਆਂ ਕੋਲ ਆਨਲਾਈਨ ਕਲਾਸਾਂ ਲਗਾਉਣ ਲਈ ਫੋਨ ਨਹੀਂ ਹਨ ਤਾਂ ਕੁਝ ਕੋਲ ਫੀਸ ਭਰਨ ਲਈ ਪੈਸੇ ਨਹੀਂ ਹਨ। ਇਸ ਲਈ ਮੈਂ ਅਪਣੀ ਮਾਂ ਪ੍ਰੋਫੈਸਰ ਸਰੋਜ ਸੂਦ ਦੇ ਨਾਂਅ ਤੋਂ ਸਕਾਲਰਸ਼ਿਪ ਸ਼ੁਰੂ ਕਰਨ ਲਈ ਦੇਸ਼ ਭਰ ਦੀਆਂ ਯੂਨੀਵਰਸਿਟੀਆਂ ਨਾਲ ਗੱਲਬਾਤ ਕੀਤੀ।

ਇਸ ਤੋਂ ਅੱਗੇ ਸੋਨੂੰ ਸੂਦ ਨੇ ਦੱਸਿਆ ਕਿ ਉਹਨਾਂ ਦੀ ਮਾਂ ਪੰਜਾਬ ਦੇ ਜ਼ਿਲ੍ਹਾ ਮੋਗਾ ਵਿਚ ਮੁਫ਼ਤ ਸਿੱਖਿਆ ਦਿੰਦੀ ਸੀ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਮੈਂ ਉਹਨਾਂ ਦੇ ਕੰਮ ਨੂੰ ਅੱਗੇ ਲੈ ਕੇ ਜਾਵਾਂ। ਮੈਨੂੰ ਲੱਗਦਾ ਹੈ ਕਿ ਇਸ ਦਾ ਸਹੀ ਸਮਾਂ ਇਹੀ ਹੈ’। ਸੋਨੂੰ ਸੂਦ ਦੀ ਇਹ ਸਕਾਲਰਸ਼ਿਪ ਮੈਡੀਸਨ, ਇੰਜੀਨੀਅਰਿੰਗ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ ਅਤੇ ਆਟੋ-ਮੋਸ਼ਨ ਸਾਈਬਰ ਸਿਕਓਰੀਟੀਜ਼, ਡਾਟਾ ਸਾਇੰਸ, ਫੈਸ਼ਨ ਅਤੇ ਬਿਜ਼ਨਸ ਸਟਡੀਜ਼ ਵਰਗੇ ਕੋਰਸਾਂ ਲਈ ਉਪਲੱਬਧ ਹੋਵੇਗੀ।

ਸੋਨੂੰ ਸੂਦ ਦਾ ਕਹਿਣਾ ਹੈ, ‘ਅਜਿਹੇ ਪਰਿਵਾਰ ਤੋਂ ਆਉਣ ਵਾਲੇ ਵਿਦਿਆਰਥੀ, ਜਿਨ੍ਹਾਂ ਦੀ ਸਲਾਨਾ ਆਮਦਨ 2 ਲੱਖ ਰੁਪਏ ਤੋਂ ਘੱਟ ਹੈ, ਉਹ ਸਕਾਲਰਸ਼ਿਪ ਲਈ ਅਪਲਾਈ ਕਰ ਸਕਦੇ ਹਨ। ਸ਼ਰਤ ਸਿਰਫ਼ ਇਹ ਹੈ ਕਿ ਉਹਨਾਂ ਦਾ ਅਕਾਦਮਿਕ ਰਿਕਾਰਡ ਚੰਗਾ ਹੋਣਾ ਚਾਹੀਦਾ ਹੈ। ਉਹਨਾਂ ਦੇ ਸਾਰੇ ਖਰਚੇ, ਜਿਵੇਂ ਕੋਰਸ ਅਤੇ ਹੋਸਟਲ ਫੀਸ ਅਤੇ ਖਾਣੇ ਤੱਕ ਦੀ ਜ਼ਿੰਮੇਵਾਰੀ ਅਸੀਂ ਚੁੱਕਾਂਗੇ’।