ਰੇਲਵੇ ਦਾ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ, ਸ਼ੁਰੂ ਹੋਵੇਗੀ 'ਗੁਰਦੁਆਰਾ ਸਰਕਿਟ ਰੇਲ'
ਇਹ ਰੇਲ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਅੰਬਾਲਾ, ਸਹਾਰਨਪੁਰ, ਲਖਨਊ, ਪਟਨਾ, ਸੂਰਤ, ਅਹਿਮਦਾਬਾਦ, ਜੈਪੁਰ, ਬਠਿੰਡਾ ਸਣੇ ਕਈ ਥਾਂਵਾਂ 'ਤੇ ਰੁਕੇਗੀ।
ਨਵੀਂ ਦਿੱਲੀ: ਭਾਰਤੀ ਰੇਲਵੇ ਕੋਰੋਨਾ ਮਹਾਂਮਾਰੀ ਦੇ ਘਟ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਿੱਖ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਦੇਣ ਦੀ ਤਿਆਰੀ ਕਰ ਰਿਹਾ ਹੈ। ਸਿੱਖ ਸ਼ਰਧਾਲੂਆਂ ਨੂੰ ਉਨ੍ਹਾਂ ਦੇ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਤੋਹਫ਼ਾ ਮਿਲ ਸਕਦਾ ਹੈ, ਜਿਸ ਲਈ ਰੇਲਵੇ ਵਿਸ਼ੇਸ਼ ਗੁਰਦੁਆਰਾ ਸਰਕਿਟ ਰੇਲ ਚਲਾਉਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। 'ਵੇਖੋ ਆਪਣਾ ਦੇਸ਼' ਯੋਜਨਾ ਦੇ ਤਹਿਤ ਆਈਆਰਸੀਟੀਸੀ (IRCTC) ਸੈਰ-ਸਪਾਟਾ ਨੂੰ ਉਤਸ਼ਾਹਤ ਕਰਨ ਵੱਲ ਵਧ ਰਹੀ ਹੈ।
ਜਾਣਕਾਰੀ ਅਨੁਸਾਰ ਇਹ ਰੇਲ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਇਥੇ ਆ ਕੇ ਹੀ ਆਪਣਾ ਸਫ਼ਰ ਪੂਰਾ ਕਰੇਗੀ। ਦੱਸਿਆ ਜਾ ਰਿਹਾ ਹੈ ਕਿ ਇਹ ਸਫ਼ਰ 11 ਦਿਨਾਂ ਦਾ ਹੋਵੇਗਾ। ਇਹ ਚਾਰ ਗੁਰਦੁਆਰਿਆਂ ਨੂੰ ਆਪਣੇ ਅਧੀਨ ਲਵੇਗਾ, ਜਿਨ੍ਹਾਂ ਵਿੱਚ ਅੰਮ੍ਰਿਤਸਰ ਹਰਮੰਦਿਰ ਸਾਹਿਬ, ਬਿਹਾਰ ਦੇ ਪਟਨਾ ਵਿਚ ਪਟਨਾ ਸਾਹਿਬ, ਨੰਦੇੜ ਸਾਹਿਬ (ਮਹਾਰਾਸ਼ਟਰ) ਅਤੇ ਬਠਿੰਡਾ ਵਿਚ ਦਮਦਮਾ ਸਾਹਿਬ ਸ਼ਾਮਲ ਹਨ।
ਇਹ ਰੇਲ ਅੰਮ੍ਰਿਤਸਰ ਤੋਂ ਸ਼ੁਰੂ ਹੋ ਕੇ ਅੰਬਾਲਾ, ਸਹਾਰਨਪੁਰ, ਲਖਨਊ, ਪਟਨਾ, ਸੂਰਤ, ਅਹਿਮਦਾਬਾਦ, ਜੈਪੁਰ, ਬਠਿੰਡਾ ਸਣੇ ਕਈ ਥਾਂਵਾਂ 'ਤੇ ਠਹਿਰਾਅ ਕਰਦੀ ਹੋਈ ਅੰਮ੍ਰਿਤਸਰ ਰੁਕੇਗੀ। ਇਸ ਵਿਸ਼ੇਸ਼ ਰੇਲ ਵਿਚ 16 ਕੋਚ ਹਨ, ਜਿਨ੍ਹਾਂ ਵਿਚ ਸਲੀਪਰ ਕਲਾਸ ਅਤੇ ਏਸੀ ਕਲਾਸ ਸ਼ਾਮਲ ਹੋਣਗੇ। ਜ਼ਿਕਰਯੋਗ ਹੈ ਕਿ ਅੱਜਕੱਲ੍ਹ ਰੇਲਵੇ ਆਮ ਲੋਕਾਂ ਨੂੰ ਦੇਸ਼ ਦੀ ਸਭਿਆਚਾਰਕ ਅਤੇ ਧਾਰਮਿਕ ਵਿਰਾਸਤ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਬਹੁਤ ਸਾਰੀਆਂ ਰੇਲਾਂ ਚਲਾ ਰਿਹਾ ਹੈ। 'ਰਾਮਾਇਣ ਸਰਕਟ' ਅਤੇ 'ਬੁੱਧ ਸਰਕਟ' ਤੋਂ ਬਾਅਦ ਗੁਰਦੁਆਰਾ ਸਰਕਟ ਨਵੀਂ ਯੋਜਨਾ ਹੈ।
ਇਸ ਦੇ ਨਾਲ ਹੀ ਯਾਤਰੀਆਂ ਦੀ ਯਾਤਰਾ ਦੌਰਾਨ ਕੋਵਿਡ -19 ਨਾਲ ਜੁੜੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਰੇਲਵੇ ਪ੍ਰਸ਼ਾਸਨ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਯਾਤਰੀਆਂ ਨੂੰ ਯਾਤਰਾ ਦੌਰਾਨ ਕੋਵਿਡ -19 ਦੇ ਸੁਰੱਖਿਆ ਨਾਲ ਜੁੜੇ ਸਾਰੇ ਮਾਪਦੰਡਾਂ ਦਾ ਸਖਤੀ ਨਾਲ ਪਾਲਣ ਕਰਨਾ ਹੋਵੇਗਾ। ਯਾਤਰੀਆਂ ਨੂੰ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਦੀ ਪਾਲਣਾ ਕਰਨੀ ਹੋਵੇਗੀ।